ਅਧਿਆਪਕ ਫੂਕਣਗੇ ਬਠਿੰਡਾ ‘ਚ 5 ਅਕਤੂਬਰ ਨੂੰ ਆਹਲੂਵਾਲੀਆ ਦੀ ਅਰਥੀ ।
ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਜਿਤਾਉਣ ਲਈ ਇਕੱਠੇ ਹੋਣਗੇ ਅਧਿਆਪਕ।
ਬਠਿੰਡਾ ,1ਅਕਤੂਬਰ (ਦਲਜੀਤ ਸਿੰਘ ਸਿਧਾਣਾ )
ਪਿੰਡ ਢੱਡੇ ਵਿਖੇ ਪੰਜਾਬ ਸਰਕਾਰ ਦੀ ਆਹਲੂਵਾਲੀਆ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਵਿਰੋਧ ਵਜੋਂ ਅਧਿਆਪਕਾਂ ਦੀ ਵੱਡੀ ਗਿਣਤੀ ‘ਚ ਇਕੱਤਰਤਾ ਹੋਈ।ਇਸ ਮੌਕੇ ਡੀਟੀਐੱਫ ਦੇ ਸੂਬਾ ਆਗੂ ਨਵਚਰਨਪ੍ਰੀਤ ਕੌਰ ਅਤੇ ਬਲਾਕ ਮੌੜ ਦੇ ਪ੍ਰਧਾਨ ਅੰਗਰੇਜ਼ ਸਿੰਘ ਨੇ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਆਹਲੂਵਾਲੀਆ ਰਿਪੋਰਟ ਦੇ ਮੁਲਾਜ਼ਮ ਮਾਰੂ,ਕਿਸਾਨ ਮਾਰੂ,ਛੋਟੇ ਕਾਰੋਬਾਰੀਆਂ ਅਤੇ ਪੰਜਾਬ ਦੀ ਕੁੱਲ ਲੁਕਾਈ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਬਠਿੰਡਾ ਵਿਖੇ ਪੰਜ ਅਕਤੂਬਰ ਨੂੰ ਆਹਲੂਵਾਲੀਆ ਦੇ ਆਦਮਕਦ ਬੁੱਤ ਸਾੜਕੇ ਸਰਕਾਰ ਦੇ ਖਿਲਾਫ ਵਿਰੋਧ ਜਤਾਉਣ ਲਈ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਸਿੰਘ ਅਤੇ ਸੂਬਾ ਆਗੂ ਵਿਕਾਸ ਰਾਮਪੁਰਾ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਡੀ.ਏ.ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਛੇਵਾਂ ਪੇ ਕਮਿਸ਼ਨ ਲਗਵਾਉਣ ਅਤੇ ਚਾਰ ਸਾਲਾ ਏਸੀਪੀ ਇੰਕਰੀਮੈਂਟ ਲਗਾਉਣ ਸਬੰਧੀ ਜ਼ੋਰਦਾਰ ਮੰਗ ਦੀ ਪ੍ਰੋੜਤਾ ਕਰਦਿਆਂ ਵਿਚਾਰ ਚਰਚਾ ਕੀਤੀ। ਨਵਚਰਨਪ੍ਰੀਤ ਕੌਰ ਨੇ ਆਨਲਾਈਨ ਪੜ੍ਹਾਈ ਦੇ ਸਿਸਟਮ ਦੀਆਂ ਦੁਸ਼ਵਾਰੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਦੇ ਬਹਾਨੇ ਅਧਿਆਪਕਾਂ ਤੋਂ ਸੋਲਾਂ-ਸੋਲਾਂ ਘੰਟੇ ਕੰਮ ਲਿਆ ਜਾ ਰਿਹਾ ਹੈ। ਐੱਸ.ਐੱਸ.ਏ.ਰਮਸਾ ਦੇ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਕੱਤਰ ਹੋਏ ਅਧਿਆਪਕਾਂ ਵਿੱਚ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਹ ਪਾਇਆ ਗਿਆ।ਇਸ ਮੌਕੇ ਡੀ ਟੀ ਐੱਫ ਬਲਾਕ ਰਾਮਪੁਰਾ ਕਮੇਟੀ ਮੈਂਬਰ ਪ੍ਰਦੀਪ ਕੌਰ,ਮਨਦੀਪ ਕੌਰ, ਬਲਾਕ ਮੌੜ ਕਮੇਟੀ ਮੈਂਬਰ ਜਗਸੀਰ ਸਿੰਘ ਢੱਡੇ,ਜਸਵੀਰ ਬਾਹੀਆ,ਐੱਸ.ਐੱਸ.ਏ. ਰਮਸਾ ਯੂਨੀਅਨ ਤੋਂ ਨਿਰਮਲ ਸਿੰਘ ਡਿਖ਼, 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋਂ ਹਰਪ੍ਰੀਤ ਜਟਾਣਾ, ਰੇਸ਼ਮ ਸਿੰਘ ਚਾਉਕੇ,5178 ਯੂਨੀਅਨ ਤੋਂ ਬਲਕਾਰ ਸਿੰਘ ਪੀਰਕੋਟ,ਗੁਰਪਾਲ ਸਿੰਘ ਮੰਡੀ ਕਲਾਂ, ਗੁਰਜੰਟ ਸਿੰਘ ਖੋਖਰ,ਹਰਪ੍ਰੀਤ ਢੱਡੇ,ਤਰਸੇਮ ਲਾਲ ਸੁੂਚ,ਅਮਰਜੀਤ ਸਿੰਘ ਢੱਡੇ,ਲੈਕਚਰਾਰ ਜਰਨੈਲ ਸਿੰਘ ਆਦਿ ਹਾਜ਼ਰ ਸਨ।
