ਤਰਕਸ਼ੀਲ 19 ਜੂਨ ਨੂੰ ਟੀਚਰ ਹੋਮ ਬਠਿੰਡਾ ਵਿਖੇ ਜਮਹੂਰੀ ਚੇਤਨਾ ਕਨਵੈਨਸ਼ਨ ‘ਚ ਭਾਗ ਲੈਣਗੇ ।
ਬਠਿੰਡਾ/ ਦਲਜੀਤ ਸਿੰਘ ਸਿਧਾਣਾ
ਤਰਕਸ਼ੀਲ ਸੁਸਾਇਟੀ ਨੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਦੇਸ਼ ਦੀ ਲੋਕਪੱਖੀ ਬੁੱਧੀਜੀਵੀਆਂ ਨੂੰ ਨਾਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਰੱਖਣ ਦੀ ਜ਼ੋਰਦਾਰ ਨਿਖੇਧੀ ਕੀਤੀ । ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਤਰਕਸ਼ੀਲ 19 ਜੂਨ ਨੂੰ ਟੀਚਰ ਹੋਮ ਬਠਿੰਡਾ ਵਿਖੇ ਇਸ ਸਬੰਧੀ ਰੱਖੀਂ ਗਈ ਜਮਹੂਰੀ ਚੇਤਨਾ ਕਨਵੈਨਸ਼ਨ ਵਿਚ ਭਾਗ ਲੈਣਗੇ ।
ਤਰਕਸ਼ੀਲ ਸੁਸਾਇਟੀ ਇਸ ਗੱਲ ਦੀ ਚੇਤਨਾ ਫੈਲਾਉਣ ਦਾ ਕੰਮ ਕਰਦੀ ਹੈ ਕਿ ਹਾਕਮ ਧਿਰ ਵੱਲੋਂ ਸਦੀਆਂ ਤੋਂ ਧਰਮ ਦੀ ਵਰਤੋਂ ਲੋਕਾਂ ਨੂੰ ਲੁੱਟਣ, ਲੋਕਾਂ ਦੀ ਰਾਜਨੀਤਕ ਚੇਤਨਾ ਨੂੰ ਖੁੰਢਾ ਕਰਨ ਅਤੇ ਲੋਟੂ ਰਾਜ ਪ੍ਰਬੰਧ ਨੂੰ ਲਗਾਤਾਰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਹੈ । ਸੁਸਾਇਟੀ ਇਸ ਦੇ ਨਾਲ ਹੀ ਇੱਕ ਚੰਗਾ ਸਮਾਜਿਕ ਪ੍ਰਬੰਧ ਉਸਾਰਨ ਲਈ ਹਰ ਸੰਭਵ ਉਪਰਾਲਾ ਕਰਦੀ ਹੈ । ਲੋਕ ਪੱਖੀ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਇਸ ਨਰੋਏ ਸਮਾਜ ਦੀ ਸਿਰਜਣਾ ਵੱਲ ਹੁੰਦੇ ਯਤਨਾਂ ਨੂੰ ਢਾਹ ਲਾਉਣ ਦਾ ਇਕ ਕੋਝਾ ਹੱਥਕੰਡਾ ਹੈ । ਦੇਸ਼ ਦੇ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਸਮੇਂ ਇਨ੍ਹਾਂ ਲੋਕ ਪੱਖੀ ਬੁੱਧੀਜੀਵੀਆਂ ਦੀ ਸਾਡੇ ਲੋਕਾਂ ਨੂੰ ਅਤਿਅੰਤ ਲੋੜ ਹੈ ।ਦੇਸ਼ ਦੀ ਕਾਨੂੰਨ ਵਿਵਸਥਾ ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ । ਇਸ ਸਮੇਂ ਦੇਸ਼ ਦੀ ਬਿਹਤਰੀ ਦੀ ਆਸ ਸਿਰਫ਼ ਤੇ ਸਿਰਫ਼ ਲੋਕਾਂ ਦੀ ਸਹੀ ਚੇਤਨਾ ਅਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਉੱਤੇ ਹੀ ਨਿਰਭਰ ਹੈ । ਸਰਕਾਰ ਦੁਆਰਾ ਗ੍ਰਿਫ਼ਤਾਰ ਕੀਤੇ ਸਾਰੇ ਹੀ ਬੁੱਧੀਜੀਵੀਆਂ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ । ਸਰਕਾਰ ਦੁਆਰਾ ਜੇਲ੍ਹਾਂ ਵਿਚ ਜਾਂ ਘਰਾਂ ਵਿੱਚ ਨਜ਼ਰਬੰਦ ਕੀਤੇ ਬੁੱਧੀਜੀਵੀਆਂ ਵਿੱਚ ਵਰਵਰਾ ਰਾਓ ਸੁਧਾ ਭਾਰਦਵਾਜ ਅਰੁਣ ਫਰੇਰਾ ਗੌਤਮ ਨਵਲਖਾ ਵਰਨੌਨ ਗੁੰਜਾਲਵੇ ਸੁਰਿੰਦਰ ਗੈਡਲਿਗ ਸੁਧੀਰ ਧਾਵਲੇ ਰੋਨਾ ਵਿਲਸਨ ਸੋਮਾ ਸੇਨ ਮਹੇਸ਼ ਰਾਊਤ ਆਦਿ ਸ਼ਾਮਿਲ ਹਨ । ਇਸ ਤਰ੍ਹਾਂ ਇਨ੍ਹਾਂ ਨੂੰ ਲੋਕਾਂ ਤੋਂ ਖੋਹ ਲਿਆ ਗਿਆ ਹੈ । ਇਸ ਤਰ੍ਹਾਂ ਦੇ ਕਾਰੇ ਕਰਕੇ ਸਰਕਾਰਾਂ ਲੋਕ ਹਿੱਤੂ ਤਾਕਤਾਂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ । ਆਗੂਆਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਰੂਪ ਵਿਚ ਲੋਕ ਤਾਕਤ ਸਹੀ ਦਿਸ਼ਾ ਵਿਚ ਇਕ ਅੰਗੜਾਈ ਲੈ ਰਹੀ ਹੈ ।
ਅੱਜ ਦੀ ਮੀਟਿੰਗ ਵਿਚ ਜੰਟਾ ਸਿੰਘ, ਸੁਰਿੰਦਰ ਗੁਪਤਾ, ਮੇਜਰ ਸਿੰਘ, ਸੁਖਮੰਦਰ ਸਿੰਘ ,ਰਾਜ ਕੁਮਾਰ , ਮਿਹਰ ਬਾਹੀਆ, ਗੁਰਮੇਲ ਸਿੰਘ, ਰਾਮ ਸਿੰਘ ਧੂਰਕੋਟ, ਪ੍ਰਮੋਦ ਕੁਮਾਰ ,ਅਰਸ਼ ਮਹਿਰਾਜ ,ਗਗਨ ਕਾਂਗੜ ,ਤੇਜ ਸਿੰਘ ਮਾਫੀਦਾਰ ,ਰਾਜੇਸ਼ ਕੁਮਾਰ ਅਤੇ ਗਗਨ ਗਰੋਵਰ ਸ਼ਾਮਲ ਸਨ ।