ਨਵੀਂ ਦਿੱਲੀ, 3 ਅਗਸਤ

ਭਾਰਤੀ ਡਰੱਗ ਕੰਟਰੋਲਰ (ਡੀਸੀਜੀਆਈ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਦੇ ਟੀਕੇ ਦੇ ਮੁਲਕ ਵਿੱਚ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਪ੍ਰੀਖਣ ਲਈ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਐੱਸਆਈਆਈ ਨੂੰ ਇਹ ਮਨਜ਼ੂਰੀ ਡਰੱਗ ਕੰਟਰੋਲਰ ਡਾ.ਵੀ.ਜੀ.ਸੋਮਾਨੀ ਨੇ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੂੰ ਤੀਜੇ ਗੇੜ ਦੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਸੁਰੱਖਿਆ ਸਬੰਧੀ ਉਹ ਡੇਟਾ, ਜਿਸ ਦੀ ਸਮੀਖਿਆ ਡੇਟਾ ਸੁਰੱਖਿਆ ਨਿਗਰਾਨੀ ਬੋਰਡ (ਡੀਐੱਸਐੱਮਬੀ) ਨੇ ਕੀਤੀ ਹੋਵੇ, ਕੇਂਦਰੀ ਡਰੱਗ ਮਾਣਕ ਕੰਟਰੋਲ ਸੰਗਠਨ (ਸੀਡੀਐੇੱਸਸੀਓ) ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕਲੀਨਿਕਲ ਟ੍ਰਾਇਲ ਲਈ ਥਾਵਾਂ ਦੀ ਚੋਣ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚੋਂ ਕੀਤੀ ਜਾਵੇਗੀ। ਸੂਚੀਬੱਧ ਪ੍ਰੀਖਣ ਥਾਵਾਂ ਵਿੱਚ ਚੰਡੀਗੜ੍ਹ ਦਾ ਪੀਜੀਆਈ ਵੀ ਸ਼ਾਮਲ ਹੈ, ਜਿੱਥੇ 17 ਸਾਈਟਾਂ ’ਤੇ ਟ੍ਰਾਇਲਾਂ ਦੌਰਾਨ 1600 ਸਿਹਤਯਾਬ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਹੋਰਨਾਂ ਸਾਈਟਾਂ ਵਿੱਚ ਏਮਸ, ਪੁਣੇ ਵਿੱਚ ੲੇਬੀਜੇ ਮੈਡੀਕਲ ਕਾਲਜ, ਪਟਨਾ ਵਿੱਚ ਰਾਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜੋਧਪੁਰ ਵਿੱਚ ੲੇਮਸ, ਗੋਰਖਪੁਰ ਵਿੱਚ ਨਹਿਰੂ ਹਸਪਤਾਲ, ਵਿਸ਼ਾਖਾਪਟਨਮ ਵਿੱਚ ਆਂਧਰਾ ਮੈਡੀਕਲ ਕਾਲਜ ਤੇ ਮੈਸੂਰ ਵਿੱਚ ਜੇਐੱਸਐੱਸ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਤੇ ਰਿਸਰਚ ਸ਼ਾਮਲ ਹਨ।

ਹਰੇਕ ਵਿਅਕਤੀ ਨੂੰ 4 ਹਫ਼ਤਿਆਂ ਦੇ ਵਕਫ਼ੇ ’ਚ ਮਿਲਣਗੇ 2 ਡੋਜ਼

ਇਸ ਸੋਧ ਦੇ ਖਰੜੇ ਮੁਤਾਬਕ ਟ੍ਰਾਇਲ ਵਿੱਚ ਸ਼ਾਮਲ ਹਰ ਵਿਅਕਤੀ ਨੂੰ 4 ਹਫ਼ਤਿਆਂ ਅੰਦਰ 2 ਡੋਜ ਦਿੱਤੇ ਜਾਣਗੇ। ਇਸ ਮਗਰੋਂ ਤੈਅ ਵਕਫ਼ੇ ਮਗਰੋਂ ਸੁਰੱਖਿਆ ਤੇ ਇਮਿਊਨ ਸਿਸਟਮ ਦੀ ਸਮੀਖਿਆ ਹੋਵੇਗੀ। ਆਕਸਫੋਰਡ ਵੱਲੋਂ ਵਿਕਸਤ ਇਸ ਟੀਕੇ ਦਾ ਦੂਜੇ ਤੇ ਤੀਜੇ ਗੇੜ ਦਾ ਪ੍ਰੀਖਣ ਬ੍ਰਿਟੇਨ ਵਿੱਚ ਚੱਲ ਰਿਹਾ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਤੀਜੇ ਗੇੜ ਦਾ ਅਤੇ ਦੱਖਣੀ ਅਫ਼ਰੀਕਾ ਵਿੱਚ ਪਹਿਲੇ ਤੇ ਤੀਜੇ ਗੇੜ ਦਾ ਪ੍ਰੀਖਣ ਹੋ ਰਿਹਾ ਹੈ।