ਭਾਰਤ ਬੰਦ ਦੀ ਰਾਮਪੁਰਾ ਫੂਲ ਵਪਾਰ ਮੰਡਲ ਨੇ ਕੀਤੀ ਹਮਾਇਤ ।
ਦੁਕਾਨਾਂ ਤੇ ਕਾਰੋਬਾਰ ਬੰਦ ਰੱਖਣਗੇ ਸਹਿਰ ਵਾਸੀ :- ਪ੍ਰਧਾਨ ਰਮੇਸ਼ ਮੱਕੜ
ਰਾਮਪੁਰਾ ਫੂਲ,25 ਮਾਰਚ, ਦਲਜੀਤ ਸਿੰਘ ਸਿਧਾਣਾ
 : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੱਲ ਰਹੇ ਇੱਥੋਂ ਦੇ ਕਿਸਾਨ ਰੇਲ ਮੋਰਚੇ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸ਼ੁੱਕਰਵਾਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਆਪਣਾ ਤਨ,ਮਨ ,ਧਨ ਲਾ ਦੇਣ ਅਤੇ ਹਰ ਸੰਭਵ ਕੋਸ਼ਿਸ਼ ਕਰਨ ਕਿ ਅੰਨਦਾਤੇ ਦੀ ਜ਼ਿੰਦਗੀ ਮੌਤ ਦੀ ਇਸ ਲੜਾਈ ਵਿਚ ਉਹ ਆਪਣੇ ਯੋਗਦਾਨ ਵਜੋਂ ਘਰਾਂ ਚੋਂ ਇੱਕ ਦਿਨ ਲਈ ਬਾਹਰ ਨਾ ਨਿਕਲਣ, ਤਾਂ ਜੋ ਸੜਕਾਂ ਬਾਜ਼ਾਰਾਂ ਵਿਚ ਸੁੰਨ ਪਸਰ ਜਾਵੇ। ਮੋਰਚੇ ਨੇ ਉਮੀਦ ਪ੍ਰਗਟ ਕੀਤੀ ਕਿ ਰੇਹੜੀ ਵਾਲੇ ਤੋਂ ਲੈ ਕੇ ਹਰ ਦੂਕਾਨਦਾਰ, ਟਰਾਂਸਪੋਰਟਰ, ਉਦਯੋਗਿਕ ਘਰਾਣੇ ਇਸ ਬੰਦ ਵਿਚ ਕਿਸਾਨਾਂ ਦਾ ਸਾਥ ਦੇਣਗੇ। ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂਆਂ ਗੁਰਦੀਪ ਸਿੰਘ ਸੇਲਬਰਾਹ ਨੇ ਆਪਣੇ ਸੰਬੋਧਨ ਰਾਹੀਂ  ਆਮ ਲੋਕਾਂ ਨੂੰ ਅਤੇ ਖਾਸਕਰ ਸ਼ਹਿਰੀਆਂ ਨੂੰ ਸੁਚੇਤ ਕੀਤਾ ਕਿ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਲੜਾਈ ਕਿਸਾਨਾਂ ਦੇ ਨਾਲ ਨਾਲ ਹਰ ਉਸ ਸ਼ਖਸ ਦੀ ਹੈ,ਜ਼ੋ ਰੋਟੀ ਖਾਂਦਾ ਹੈ। ਆਗੂਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਗਏ ਤਾਂ  ਜ਼ਖੀਰੇਬਾਜ਼ੀ ਕਰਨ ਦੀ ਖੁੱਲ੍ਹ ਹੋਵੇਗੀ,ਨਤੀਜਨ ਵੱਡੇ ਕਾਰਪੋਰੇਟ ਘਰਾਣੇ ਚੰਗਾ ਮੌਕਾ ਦੇਖਦਿਆਂ ਵਸਤਾਂ ਦੀ ਵੇਚ ਵੱਟ ਮਨਮਰਜ਼ੀ ਦੇ ਭਾਅ ਕਰਿਆ ਕਰਨਗੇ,ਜ਼ੋ ਆਮ ਲੋਕਾਂ ਦੀ ਖਰੀਦ ਸ਼ਕਤੀ ਦੇ ਵਸ ਦਾ ਰੋਗ ਨਹੀਂ ਰਹੇਗੀ, ਹੌਲੀ ਹੌਲੀ ਛੋਟੇ ਵੱਡੇ ਵਪਾਰੀ ਨੂੰ ਵੀ ਮੁਕਾਬਲੇ ਬਾਜ਼ੀ ਰਾਹੀਂ ਖੁੰਘਲ ਕਰਕੇ  ਚੰਦ ਗਿਣਤੀ ਦੇ ਕਾਰੋਬਾਰੀ ਵਪਾਰ ਤੇ ਕਾਬਜ਼ ਹੋ ਜਾਣਗੇ।ਇਸ ਕਰਕੇ ਇਸ ਸਰਬਸਾਂਝੀ ਲੜਾਈ ਵਿਚ ਪੇਂਡੂ, ਛੋਟੇ, ਵੱਡੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਾਰੋਬਾਰ ਬੰਦ ਰੱਖਣ। ਆਗੂਆਂ ਸਪੱਸ਼ਟ ਕੀਤਾ ਕਿ ਭੋਗ ਸਮਾਗਮਾਂ,ਵਿਆਹ ਸ਼ਾਦੀਆਂ, ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਮੋਰਚੇ ਨੂੰ  ਸੁਖਜਿੰਦਰ ਸਿੰਘ ਰਾਮਪੁਰਾ, ਮਨਜੀਤ ਕੌਰ ਕਰਾੜਵਾਲਾ, ਨੰਬਰਦਾਰ ਬਹਾਦਰ ਸਿੰਘ, ਬਿੰਦਰ ਕੌਰ, ਸੁਰਜੀਤ ਸਿੰਘ ਰੋਮਾਣਾ, ਗੁਰਚਰਨ ਕਾਲੋਕੇ, ਮਜ਼ਦੂਰ ਆਗੂ ਰਣਜੀਤ ਸਿੰਘ ਮਹਿਰਾਜ ਅਤੇ ਸੂਖਵਿੰਦਰ ਸਿੰਘ ਭਾਈਰੂਪਾ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵਪਾਰ ਮੰਡਲ ਰਾਮਪੁਰਾ ਫੂਲ ਦੇ ਪ੍ਰਧਾਨ ਰਮੇਸ਼ ਮੱਕੜ ਨੇ ਕਿਹਾ ਕਿ ਉਹਨਾਂ ਦੇ ਸੱਦੇ ਤੇ ਦੁਕਾਨਦਾਰ ਆਪਣਾ ਕੰਮ ਕਾਰ ਬੰਦ ਰੱਖਣਗੇ।