ਰਾਮਪੁਰਾ ਫੂਲ , 3 ਮਾਰਚ , ਦਲਜੀਤ ਸਿੰਘ ਸਿਧਾਣਾ
ਸਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਇੱਥੋਂ ਦਾ ਰੇਲ ਮੋਰਚਾ ਛੇਵੇਂ ਮਹੀਨੇ ਵਿਚ ਦਾਖਲ ਹੋ ਗਿਆ ਹੈ। ਪਰ ਪ੍ਰਦਰਸ਼ਨ ‘ਚ ਸ਼ਾਮਲ ਕਿਸਾਨਾਂ ਦਿ ਕਹਿਣਾ ਹੈ ਕਿ ਜਿੱਤ ਤੱਕ ਆਪਣੇ ਝੰਡੇ ਬੁਲੰਦ ਰੱਖਣਗੇ, ਭਾਵੇਂ ਕਿ ਕੇਂਦਰ ਸਰਕਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਅੰਦੋਲਨ ਨੂੰ ਲਮਕਾਉਣ ਅਤੇ ਥਕਾਉਣ ਤੇ ਲੱਗੀ ਹੋਈ ਹੈ। ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸੇਲਬਰਾਹ, ਸੁਰਜੀਤ ਸਿੰਘ ਰੋਮਾਣਾ, ਨੰਬਰਦਾਰ ਬਹਾਦਰ ਸਿੰਘ , ਕਾਮਰੇਡ ਮੇਜਰ ਸਿੰਘ ਗਿੱਲ ਕਲਾਂ, ਭਾਕਿਯੂ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਸਾਧਾ ਸਿੰਘ ਖੋਖਰ, ਜਗਦੇਵ ਸਿੰਘ ਬੁਰਜ ਮਾਨਸ਼ਾਹੀਆ, ਪੇਂਡੂ ਮਜ਼ਦੂਰ ਯੂਨੀਅਨ ਦੇ ਦਰਬਾਰਾ ਸਿੰਘ ਫੂਲੇਵਾਲਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਹਰਮੇਸ਼ ਕੁਮਾਰ ਰਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਮਿਹਨਤਕਰਨ ਵਾਲੇ ਅਤੇ ਸਾਰੇ ਆਮ ਲੋਕਾਂ ਦਾ ਅੰਦੋਲਨ ਹੈ। ਕਿਉਂਕਿ ਖੇਤੀ ਕਾਨੂੰਨਾਂ ਨੇ ਹਰ ਅਮੀਰ ਗਰੀਬ ਦੀ ਜ਼ਿੰਦਗੀ ਨੂੰ ਬੁਰੇ ਰੁਖ਼ ਪ੍ਰਭਾਵਿਤ ਕਰਨਾ,ਇਸ ਕਰਕੇ ਜ਼ਰੂਰੀ ਹੈ ਕਿ ਇਸ ਸੰਘਰਸ਼ ਵਿਚ ਹਰ ਸ਼ਹਿਰੀ ਪੇਂਡੂ ਵਰਗ ਸਰਗਰਮ ਹਿੱਸਾ ਪਾਵੇ। ਆਗੂਆਂ ਸਪੱਸ਼ਟ ਕਿਹਾ ਕਿ ਜੇਕਰ ਇਹ ਕਾਲੇ ਕਾਨੂੰਨ , ਬਿਜਲੀ ਐਕਟ ਕਿਸੇ ਹਾਲਤ ਵਿੱਚ ਲਾਗੂ ਹੋ ਗਏ ਤਾਂ ਇਹਨਾਂ ਸਦਕਾ ਸਾਡੇ ਚੁੱਲ੍ਹਿਆਂ ਦੀ ਅੱਗ ਵੀ ਠੰਢੀ ਪੈ ਜਾਵੇਗੀ ਤੇ ਜਨਸਾਧਾਰਨ ਰੋਟੀ ਨੂੰ ਵੀ ਤਰਸ ਸਕਦਾ ਹੈ। ਗੁਰਮੀਤ ਸਿੰਘ ਮੰਡੀਕਲਾਂ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਰਾਹੀਂ ਜੋਸ਼ ਪੈਦਾ ਕੀਤਾ।