ਜੈਜੀਤ ਸਿੰਘ ਜੌਹਲ ਉਰਫ “ਜੋਜੋ” ਵੱਲੋ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਐਲਾਨ !
ਬਠਿੰਡਾ 29ਅਕਤੂਬਰ ( ਨਰਿੰਦਰ ਪੁਰੀ )
ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਆਗੂ ਜੈਜੀਤ ਸਿੰਘ ਜੌਹਲ ਉਰਫ ‘ਜੋਜੋ’ ਨੇ ਅੱਜ ਆਪਣੇ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ‘ਜੋਜੋ ਟੈਕਸ’ ਦੇ ਨਾਮ ਹੇਠ ਕੀਤੀਆਂ ਟਿਪਣੀਆਂ ਨੂੰ ਲੈਕੇ ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ। ਅਰਵਿੰਦਰ ਕੇਜਰੀਵਾਲ ਵੱਲੋਂ ਅੱਜ ਬਠਿੰਡਾ ’ਚ ਸਨਅਤਕਾਰਾਂ ਅਤੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੈਜੀਤ ਸਿੰਘ ਜੌਹਲ ਨੂੰ ‘ਜੋਜੋ ਟੈਕਸ’ ਦੇ ਹਵਾਲੇ ਨਾਲ ਅਸਿੱਧੇ ਤੌਰ ਤੇ ਵਿੱਤ ਮੰਤਰੀ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਨੂੰ ਲੈਕੇ ਨਰਾਜ਼ ਹੋਏ ਜੈਜੀਤ ਜੌਹਲ ਨੇ ਆਪਣੇ ਇਸ ਫੈਸਲੇ ਸਬੰਧੀ ਜਾਣਕਾਰੀ ‘ਟਵੀਟ’ ਕਰਕੇ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ, ‘ਭਲਾ ਇੱਥੇ ਕੋਈ ਜੋਜੋ ਟੈਕਸ ਵੀ ਲੱਗਦੈ?’ ਆਪਣੇ ਮਸ਼ਕਰੀ ਭਰੇ ਲਹਿਜ਼ੇ ’ਚ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੂੰ ਨਿਸ਼ਾਨੇ ਤੇ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਬਠਿੰਡਾ ਵਿੱਚ ਵੀ ਜੋਜੋ ਟੈਕਸ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜੇ ਪੁਲਿਸ ਚਾਹੇ ਤਾਂ ਇੱਕ ਵੀ ਅਪਰਾਧ ਨਹੀਂ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਨੂੰ ਜੋਜੋ ਟੈਕਸ ਵਾਲੇ ਆਖਦੇ ਹਨ ਤਾਂ ਐਸ ਐਚ ਓ ਪੈਸੇ ਇਕੱਠੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋਜੋ ਟੈਕਸ ਬੰਦ ਕਰਾਂਗੇ ਅੱਜ ਮੈਂ ਇੰਨ੍ਹਾਂ ਨੂੰ ਕਹਿਕੇ ਜਾ ਰਿਹਾ ਹਾਂ ਹੁਣ ਹੀ ਬੰਦ ਕਰ ਦਿਓ ਚੰਗਾ ਰਹੇਗਾ। ਕੇਜਰੀਵਾਲ ਨੇ ਕਿਹਾ ‘ਅਸੀਂ ਨਿਯਮ ਬਦਲਾਂਗੇ ਅਤੇ ਪੰਜਾਬ ਵਿੱਚ ਭਿ੍ਰਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਵੇਗੀ। ਇਨ੍ਹਾਂ ਨੂੰ ਹੁਣ ਤੋਂ ਬੰਦ ਕਰੋ, ਠੀਕ ਹੋ ਜਾਵੇਗਾ। ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਸਾਨੂੰ ਤੁਹਾਡੇ ਤੋਂ ਪੈਸਾ ਨਹੀਂ ਚਾਹੀਦਾ, ਤੁਸੀਂ ਪੰਜਾਬ ਦੀ ਤਰੱਕੀ ਦਾ ਹਿੱਸਾ ਬਣੋ। ਕੇਜਰੀਵਾਲ ਨੇ ਕਿਹਾ ਕਿ ਅਸੀਂ ਵੀ ਏ.ਸੀ. ਕਮਰਿਆਂ ਵਿੱਚ ਬਹਿ ਕੇ ਮੈਨੀਫ਼ੈਸਟੋ ਬਣਾ ਦਿੰਦੇ ਤਾਂ ਇਸ ਜੋਜੋ ਟੈਕਸ ਦਾ ਕਿੱਥੋਂ ਪਤਾ ਚੱਲਣਾ ਸੀ। ਉਨ੍ਹਾਂ ਕਿਹਾ ਕਿ ‘ਤੁਹਾਡੇ ਵਿੱਚ ਆਕੇ ਹੀ ਅਜਿਹੇ ਤੱਥਾਂ ਸਬੰਧੀ ਪਤਾ ਲੱਗਦਾ ਹੈ।’ ਕੇਜਰੀਵਾਲ ਨੇ ਕਿਹਾ ਕਿ ਸਾਲ 2022 ਚੋਣਾਂ ਤੋਂ ਬਾਅਦ ਅਪਰੈਲ ਮਗਰੋਂ ਹਰ ਵਪਾਰੀ ਦੀ ਸੁਰੱਖ਼ਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਡਰ ਡਰ ਕੇ ਵਪਾਰ ਨਹੀਂ ਕਰਨਾ ਖੂਬ ਵਪਾਰ ਕਰੋ ਖੂਬ ਤਰੱਕੀ ਕਰੋ। ਉਨ੍ਹਾਂ ਕਿਹਾ ਕਿ ਦਿੱਲੀ ’ਚ ਰਿਸ਼ਵਤ ਘੱਟ ਨਹੀਂ ਹੋਈ ਸੀ ਬਲਕਿ ਬੰਦ ਹੋ ਗਈ ਸੀ।
ਉਨ੍ਹਾ ਕਿਹਾ ਕਿ ਉਨ੍ਹਾਂ ਨੇ 49 ਦਿਨ ਦੀ ਸਰਕਾਰ ਵਿੱਚ ਹੀ ਲੋਕਾਂ ਨੂੰ ਭਿ੍ਰਸ਼ਟਾਚਾਰ ਤੋਂ ਰਾਹਤ ਦੇਣ ਲਈ ਉਸ ਵੇਲੇ 32 ਅਫ਼ਸਰ ਜੇਲ੍ਹ ਭੇਜ ਦਿੱਤੇ ਸਨ । ਉਨ੍ਹਾਂ ਕਿਹਾ ਕਿ ਦਿੱਲੀ ’ਚ ਤਰਥੱਲੀ ਮੱਚ ਗਈ ਸੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਇਸ ਤਰਾਂ ਦੇ ਭਿ੍ਰਸ਼ਟਾਚਾਰ ਦੇ ਰਾਹ ਬੰਦ ਕਰਨ ਲਈ ਲੁੜੀਂਦੇ ਕਦਮ ਚੁੱਕੇ ਜਾਣਗੇ ਕਿਉਂਕਿ ਸਾਨੂੰ ਕਰਨਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰੀ ਰਾਜ ਖਤਮ ਕਰਨਾ ਸਾਨੂੰ ਆਉਂਦਾ ਹੈ ਸਿਰਫ ਨੀਅਤ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਵਪਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ 4 ਕਤਲ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਅਪਰਾਧੀਆਂ ਨੂੰ ਨੱਥ ਪਾਈ ਜਾਏਗੀ ਅਤੇ ਅਮਨ ਕਾਨੂੰਨ ਸਹੀ ਕੀਤਾ ਜਾਏਗਾ। ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ਵਿਚਲਾ ਜਿਆਦਤਰ ਰਾਜਸੀ ਕੰਮਕਾਜ ਉਨ੍ਹਾਂ ਦੇ ਰਿਸ਼ਤੇਦਾਰ (ਸਾਲੇ) ਜੈਜੀਤ ਸਿੰਘ ਜੌਹਲ ਦੇਖਦੇ ਹਨ ਜਿਨ੍ਹਾਂ ਨੂੰ ‘ਜੋਜੋ’ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ‘ਆਮ ਆਦਮੀ ਪਾਰਟੀ’ ਹੀ ਨਹੀਂ ਸਗੋਂ ਅਕਾਲੀ ਦਲ ਵੀ ਬਠਿੰਡਾ ਵਿੱਚ ‘ਜੋਜੋ ਟੈਕਸ’ ਵਸੂਲੇ ਜਾਣ ਦੇ ਦੋਸ਼ ਲਾਉਂਦਾ ਆਇਆ ਹੈ। ਜਿਕਰਯੋਗ ਹੈ ਕਿ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਬਠਿੰਡਾ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਵਿੱਚ ਨਾਮ ਉਛਾਲੀ ਦੇ ਮਾਮਲੇ ਸਬੰਧੀ ਅਕਾਲੀ ਦਲ ਦੇ ਪ੍ਰਧਾਨ, ਤਿੰਨ ਅਕਾਲੀ ਆਗੂਆਂ ਅਤੇ ਇੱਕ ਟੀਵੀਚੈਨਲ ਨੂੰ ਕਾਨੂੰਨੀ ਨੋਟਿਸ ਭੇਜੇ ਸਨ ਜਿੰਨ੍ਹਾਂ ਦਾ ਕੀ ਬਣਿਆ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।