ਮਹਿਰਾਜ ਵਾਸੀ ਸੀਵਰੇਜ ਦੀ ਸਮੱਸਿਆਂ ਨੂੰ ਲੈਕੇ 29 ਜੁਲਾਈ ਨੂੰ ਐਸਡੀਐਮ ਦਫ਼ਤਰ ਦੇ ਬਾਹਰ ਸੁੱਟਣਗੇ ਕੂੜਾ ਕਰਕਟ।

ਪਿਛਲੇ 15 ਸਾਲਾਂ ਤੋਂ ਸੀਵਰੇਜ ਦੀ ਸਫ਼ਾਈ ਪੁਖਤਾ ਢੰਗ ਨਾਲ ਨਾ ਹੋਣ ‘ਤੇ ਸੀਵਰੇਜ ਸਿਸਟਮ ਠੱਪ, ਗਲੀਆਂ ਤੇ ਘਰਾਂ ਚ ਵੜਿਆ ਗੰਦਾ ਪਾਣੀ।

ਰਾਮਪੁਰਾ ਫੂਲ , 25 ਜੁਲਾਈ, ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਦੇ ਵਾਸੀ ਇੰਨੀ ਦਿਨੀ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆਂ ਨੂੰ ਲੈਕੇ ਝੂਜ ਰਹੇ ਨੇ ਹੁਣ ਸੰਘਰਸ਼ ਵਿੱਢਣ ਦੀ ਤਿਆਰੀ ਵਿੱਚ ਹਨ। ਇਸ ਤੋਂ ਪਹਿਲਾਂ ਸੀਵਰੇਜ ਸੁਧਾਰ ਕਮੇਟੀ ਦੇ ਆਗੂਆਂ ਨੂੰ 17 ਜੁਲਾਈ ਨੂੰ ਤਹਿਸੀਲ ਪ੍ਰਸ਼ਾਸ਼ਨ ਵੱਲੋ  ਬਠਿੰਡਾ-ਰਾਮਪੁਰਾ ਫੂਲ ਸੜਕ ਜਾਮ ਸਮੇਂ ਸੀਵਰੇਜ ਸਿਸਟਮ ਦੇ ਸੁਧਾਰ ਲਈ ਮੀਟਿੰਗ ਕਰਕੇ ਲਿਖਤੀ ਸਮਝੌਤਾ ਕੀਤਾ ਸੀ। ਪ੍ਰਤੂੰ ਫੇਰ ਵੀ ਮਸਲਾ ਜਿਉਂ ਦਾ ਤਿਉਂ ਬਣਿਆਂ ਹੋਇਆ ਤੇ ਸੀਵਰੇਜ ਦਾ ਗੰਦਾ ਪਾਣੀ ਪਿੰਡ ਮਹਿਰਾਜ ਦੀਆਂ ਗਲੀਆਂ ਤੇ ਘਰਾਂ ਵਿੱਚ ਹਰਲ ਹਰਲ ਕਰਦਾ ਫਿਰ ਰਿਹਾ।
ਸੀਵਰੇਜ ਸੁਧਾਰ ਕਮੇਟੀ ਮਹਿਰਾਜ ਦੇ ਆਗੂ ਮਨਬੀਰ ਸਿੰਘ ਮੰਨਾ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮੀਟਿੰਗ ਦੌਰਾਨ ਤਹਿ: ਪ੍ਰ੍ਸ਼ਾਸ਼ਨ ਨੇ ਸੀਵਰੇਜ ਸੁਧਾਰ ਕਮੇਟੀ ਅਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦਸ ਦਿਨਾ ਦੇ ਵਿੱਚ ਪਿੰਡ ਮਹਿਰਾਜ ਦੇ ਸਾਰੇ ਡੱਗ ਸਾਫ ਕਰ ਦਿੱਤੇ ਜਾਣਗੇ ਪਰ ‘ਪੰਚਾ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ’ ਵਾਲੀ ਗੱਲ ਹੋਈ। ਕੁੱਝ ਦਿਨਾਂ ਬਾਅਦ ਹੀ ਸੀਵਰੇਜ ਦੀ ਸਫ਼ਾਈ ਦਾ ਚੱਲ ਰਿਹਾ ਕੰਮ ਬੰਦ ਹੋ ਗਿਆ ਤੇ ਪਿੰਡ ਅੰਦਰ ਚੱਲ ਰਹੀਆਂ ਮਸ਼ੀਨਾਂ ਬੰਦ ਹੋ ਗਈਆਂ। ਦੂਸਰੇ ਪਾਸੇ ਮੀਂਹ ਦੀ ਰੁੱਤ ਕਾਰਨ ਛੱਪੜ ਨੱਕੋ-ਨੱਕ ਭਰ ਚੁੱਕਿਆ ਇਹ ਕਦੇ ਵੀ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਸਕਦਾ ਹੈ। ਪਰ ਠੇਕੇਦਾਰ ਨੇ ਇੱਕੋ ਇੱਕ ਛੱਪੜ ਦਾ ਪਾਣੀ ਕੱਢ ਰਹੀ ਮੋਟਰ ਵੀ ਬੰਦ ਕਰ ਦਿੱਤੀ। ਇਸ ਕਾਰਨ ਹੁਣ ਕਮੇਟੀ ਮਜਦੂਰ-ਕਿਸਾਨ ਜਥੇਬੰਦੀਆਂ ਅਤੇ ਇੱਕੱਠੇ ਹੋਏ ਲੋਕਾਂ ਨੇ ਡੱਗ ਸਫਾਈ ਬੰਦ ਕਰਨ ਬੋਹੜਾਂ ਵਾਲੇ ਛੱਪੜ ਦਾ ਪਾਣੀ ਘਟਾਉਣ ਤੋਂ ਇਨਕਾਰੀ ਹੋਏ ਤਹਿ.ਫੂਲ ਪ੍ਰਸ਼ਾਸ਼ਨ ਸਮੇਤ ਨਗਰ ਪੰਚਾਇਤ ਮਹਿਰਾਜ ਦੇ ਅਧਿਕਾਰੀਆਂ ਖਿਲਾਫ ਮੋਰਚਾ ਖੋਹਲਣ ਦਾ ਐਲਾਨ ਕੀਤਾ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 28 ਜੁਲਾਈ ਤੱਕ ਇਸ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ 29 ਜੁਲਾਈ ਨੂੰ ਪਿੰਡ ਵਿੱਚੋ ਇਸ ਛੱਪੜ ਦਾ ਗੰਦ ਤੇ ਕੂੜਾ ਕਰਕਟ ਦੀਆਂ ਟਰਾਲੀਆਂ  ਭਰ ਕੇ ਐੱਸ.ਡੀ.ਐੱਮ. ਦਫਤਰ ਫੂਲ ਅੱਗੇ ਸੁੱਟੀਆ ਜਾਣਗੀਆ ਤੇ ਇਸ ਦੀ ਤਿਆਰੀ ਵਿੱਢ ਦਿੱਤੀ ਗਈ ਹੈ।
ਇਥੇ ਜ਼ਿਕਰਯੋਗ ਹੈ ਕਿ ਨਗਰ ਮਹਿਰਾਜ ਵਿਖੇ ਸੀਵਰੇਜ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ  ਕਰੋੜਾਂ ਰੁਪਏ ਜਾਰੀ ਕੀਤੇ ਸਨ ।ਪਰਤੂੰ ਉਸ ਸਮੇਂ ਤੋਂ ਲੈਕੇ ਸੀਵਰੇਜ ਦੀ ਸਫ਼ਾਈ ਦੀ ਸਮੱਸਿਆ ਨੂੰ ਲੈਕੇ ਪਿੰਡ ਵਾਸੀ ਝੂਜ ਰਹੇ ਹਨ, ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਉਦੋਂ ਵੀ ਇਹੀ ਹਾਲ ਰਿਹਾ ਸੀ।ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਜਿੰਨਾ ਦੇ ਪੁਰਖਿਆਂ ਦਾ ਇਹ ਪਿੰਡ ਹੈ । ਉਹਨਾਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਰੋੜਾਂ ਰੁਪਏ ਇਸ ਪਿੰਡ ਵਿੱਚ ਖ਼ਰਚਣ ਲਈ ਜਾਰੀ ਕੀਤੇ ਸਨ ਤੇ ਹੁਣ ਮੌਜੂਦਾ ਨਗਰ ਪੰਚਾਇਤ ਮਹਿਰਾਜ ਤੇ ਵੀ ਕਾਂਗਰਸ ਕਾਬਜ਼ ਹੈ  ਪ੍ਰਤੂੰ ਕਾਂਗਰਸ ਸਰਕਾਰ ਵੇਲੇ ਕਰੋੜਾਂ ਰੁਪਏ ਦੀ ਆਈ ਗ੍ਰਾਂਟ ਕਿਥੇ ਗਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।
ਇੰਨਾ ਹੀ ਨਹੀਂ ਸੀਵਰੇਜ ਸਿਸਟਮ ਦੀ ਸਫ਼ਾਈ ਦਾ ਠੇਕਾ ਵੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਗੈਰਕਨੂੰਨੀ ਢੰਗ ਨਾਲ ਆਪਣੇ ਚਹੇਤਿਆਂ ਨੂੰ ਦਿੱਤਾ ਸੀ ਜਿੰਨਾ ਨੇ ਸੀਵਰੇਜ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਪਿਛਲੇ ਪੰਜ ਸਾਲਾਂ ਚ ਸਫ਼ਾਈ ਦੀ ਘਾਟ ਕਾਰਨ ਸੀਵਰੇਜ ਸਿਸਟਮ ਬਿਲਕੁੱਲ ਤਬਾਹ ਹੋ ਗਿਆ ਹੈ। ਜਿਸ ਦਾ ਖਮਿਆਜ਼ਾ ਹੁਣ ਪਿੰਡ ਮਹਿਰਾਜ ਦੇ ਲੋਕ ਭੁਗਤ ਰਹੇ ਹਨ।