ਟਰੱਕ ਯੂਨੀਅਨ ਦੇ ਨਾਮ ‘ਤੇ “ਗੁੰਡਾਟੈਕਸ” ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।

ਰਾਮਪੁਰਾਫੂਲ, 23 ਮਈ, ਦਲਜੀਤ ਸਿੰਘ ਸਿਧਾਣਾ

ਇਥੋਂ ਨੇੜਲੇ ਗੁਰੂ ਹਰਿਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚੋ ਸੁਆਹ ਦੀ ਢੋਆ ਢੁਆਈ ਦਾ ਕੰਮ ਰਹੀ ਟਰਾਂਸਪੋਰਟ ਕੰਪਨੀ ਆਰ. ਏ. ਬੀ.ਦੇ ਹਿੱਸੇਦਾਰ ਨਿਰਮਲ ਸਿੰਘ ਭੂੰਦੜ ਨੇ ਰਾਮਪੁਰਾ ਫੂਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸ਼ਹਿਰ ਰਾਮਪੁਰਾ ਫੂਲ ਦੀ ਟਰੱਕ ਯੂਨੀਅਨ ਦਾ ਨਾਮ ਲੈਕੇ ਉਹਨਾਂ ਤੇ ਪ੍ਰਤੀ ਟਰੱਕ ਪਰਚੀ ਕਟਾਉਣ ਲਈ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨਾਲ ਸੈਟਿੰਗ ਕਰਨ ਲਈ ਮੋਬਾਈਲ ਤੇ ਦਬਾਅ ਪਾਇਆ ਜਾ ਰਿਹਾ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ।
ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਮੋਬਾਇਲ ਫੋਨ ਦੀਆਂ ਕਾਲ ਰਿਕਾਰਡਿੰਗਾ ਵੀ ਵਾਇਰਲ ਕੀਤੀਆਂ। ਨਿਰਮਲ ਸਿੰਘ ਭੂੰਦੜ ਨੇ ਦੱਸਿਆ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ ਆਰ.ਏ.ਬੀ. ਲਹਿਰਾ ਮੁਹੱਬਤ ਤਾਪ ਬਿਜਲੀ ਘਰ ਤੋਂ ਮੁਲਾਂਪੁਰ ਵਿਖੇ ਦਿੱਲੀ ਤੋਂ ਕਟੜਾ ਬਣ ਰਹੀ ਸੜਕ ਤੇ ਕੋਲੇ ਦੀ ਰਾਖ ਦੀ ਢੋਆ ਢੁਆਈ ਕਰ ਰਹੀ ਹੈ।
ਉਹਨਾਂ ਨੇ ਟਰੱਕ ਯੂਨੀਅਨ ਰਾਮਪੁਰਾ ਫੂਲ ਤੋਂ 3 ਅਪ੍ਰੈਲ ਨੂੰ ਟਰੱਕਾਂ ਦੀ ਮੰਗ ਕੀਤੀ ਸੀ ਜਦੋਂ ਉਹਨਾਂ ਨੂੰ ਟਰੱਕ ਨਾ ਮਿਲੇ ਤਾਂ ਉਹਨਾਂ ਦੀ ਕੰਪਨੀ ਨੇ 40 ਟਿੱਪਰ 24 ਕਰੋੜ ਦੇ ਖ਼ਰੀਦ ਕੇ ਕੰਮ ਸ਼ੁਰੂ ਕੀਤਾ ਪਰੰਤੂ 16 ਤਰੀਕ ਨੂੰ ਉਹਨਾਂ ਨੂੰ ਜੋਗਿੰਦਰ ਸਿੰਘ ਰੜ ਨਾਮ ਦੇ ਵਿਅਕਤੀ ਦਾ ਫੋਨ ਆਇਆ ਤੇ ਕਿਹਾ ਕਿ ਤੁਸੀ ਪ੍ਰਤੀ ਟਰੱਕ ਪਰਚੀ ਕਟਾਇਆ ਕਰੋ ਤਾਂ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਸਾਫ਼ ਜਵਾਬ ਦੇ ਦਿੱਤਾ।
ਇਸ ਤੋਂ ਬਾਅਦ 21 ਮਈ ਨੂੰ ਫੇਰ ਇੱਕ ਵਿਅਕਤੀ ਦਾ ਫੋਨ ਆਇਆ ਤੇ ਕਹਿੰਦਾ ਟਰੱਕ ਯੂਨੀਅਨ ਦੇ ਪ੍ਰਧਾਨ ਨਾਲ ਗੱਲ ਕਰਕੇ ਗੱਡੀਆਂ ਚਲਾਓ ਨਹੀਂ ਤਾਂ ਅਸੀਂ ਟਿੱਪਰ ਬੰਦ ਕਰਵਾ ਦਿਆਂਗੇ। ਉਸ ਤੋਂ ਬਾਅਦ 22 ਮਈ ਨੂੰ ਫੇਰ ਫ਼ੋਨ ਆਇਆਂ ਤੇ ਕਿਹਾ ਕਿ ਪ੍ਰਧਾਨ ਨਾਲ ਗੱਲ ਕਰਕੇ ਸੈਟਿੰਗ ਕਰੋ ਨਹੀਂ ਤਾਂ ਅਸੀਂ ਤੁਹਾਡੇ ਟਿੱਪਰ ਚੱਲਣ ਨਹੀਂ ਦੇਣੇ।
ਉਹਨਾਂ ਅੱਗੇ ਦੱਸਿਆ ਕਿ ਬੀਤੇ ਦਿਨੀ ਥਾਣਾ ਸਿਟੀ ਦੇ ਮੁੱਖੀ ਅਮ੍ਰਿਤਪਾਲ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਸਾਡੇ ਦਫ਼ਤਰ ਆਏ ਤੇ ਇਥੋਂ ਬਿਲਟੀਆ ‘ਤੇ ਇੱਕ ਟਿੱਪਰ ਨੂੰ ਥਾਣਾ ਸਿਟੀ ‘ਚ ਲੈ ਗਏ ਜਿਥੇ ਅਸੀਂ ਉਨ੍ਹਾਂ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅੱਗੇ ਤੋਂ ਤੁਹਾਨੂੰ ਕੋਈ ਇਸ ਤਰ੍ਹਾਂ ਕੋਈ ਪ੍ਰੇਸ਼ਾਨ ਕਰੇਗਾ ਤਾਂ ਤੁਸੀਂ ਮੈਨੂੰ ਫੋਨ ਕਰਿਓ। ਨਿਰਮਲ ਸਿੰਘ ਭੂੰਦੜ ਨੇ ਦੱਸਿਆ ਕਿ ਉਹਨਾਂ ਨੇ ਥਾਣਾ ਸਿਟੀ ਵਿਖੇ ਤਿੰਨ ਵਿਅਕਤੀਆਂ ਸੁਖਚੈਨ ਸਿੰਘ ਚੈਨਾ ਫੂਲੇਵਾਲਾ, ਜੋਗਿੰਦਰ ਸਿੰਘ ਰੜ ਅਤੇ ਬਲਵੰਤ ਸਿੰਘ ਬੰਟੀ ਖੋਖਰ ਦੇ ਬਰ ਖ਼ਿਲਾਫ਼ ਦਰਖ਼ਾਸਤ ਦੇ ਦਿੱਤੀ ਹੈ। ਉਹਨਾਂ ਇਸ ਮੌਕੇ ਉਸ ਦਰਖ਼ਾਸਤ ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਦਿੱਤੀਆਂ।

ਕੀ ਕਹਿਣਾ ਟਰੱਕ ਯੂਨੀਅਨ ਦੇ ਪ੍ਰਧਾਨ ਦਾ:–
ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲੇ ਵਿਅਕਤੀ ਨੂੰ ਜਾਣਦੇ ਤੱਕ ਨਹੀਂ ਅਤੇ ਨਾ ਹੀ ਉਹਨਾਂ ਨੇ ਕੋਈ ਸੈਟਿੰਗ ਕਰਨ ਵਾਰੇ ਕਿਸੇ ਨੂੰ ਕਿਹਾ ਅਤੇ ਨਾ ਉਹਨਾਂ ਨੇ ਕਿਸੇ ਅਜਿਹੇ ਵਿਅਕਤੀ ਨੂੰ ਫੋਨ ਕੀਤਾ। ਇਹ ਸਭ ਸਿਆਸੀ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਨੇ ਜੋ ਸਾਨੂੰ ਬਦਨਾਮ ਕਰਨਾ ਚਹੁੰਦੇ ਹਨ। ਉਹਨਾ ਕਿਹਾ ਕਿ ਉਹ ਇਸ ਮਾਮਲੇ ਵਾਰੇ ਹੋਰ ਕੁੱਝ ਨਹੀਂ ਕਹਿਣਾ ਚਾਹੁੰਦੇ।

ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਮੁੱਖੀ ਅਮ੍ਰਿਤਪਾਲ ਸਿੰਘ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।

Leave a Reply