ਫੈਕਟਰੀ ਨੂੰ ਲੈਕੇ ਲੰਮੇ ਸਮੇਂ ਤੋਂ ਚੱਲ ਰਿਹਾ ਰੇੜਕਾ ਫੇਰ ਭਖਿਆ।                                             ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀ ਫੈਕਟਰੀ ਨੂੰ ਲੈ ਕੇ ਹੱਕ ਅਤੇ ਵਿਰੋਧ ‘ਚ ਲੱਗੇ ਆਹਮੋ ਸਾਹਮਣੇ ਧਰਨੇ।                                                                        ਬੀਕੇਯੂ ਸਿੱਧੂਪੁਰ ਫੈਕਟਰੀ ਖਿਲਾਫ ਪ੍ਰਤੂੰ ਪਿੰਡ ਵਾਸੀ, ਮਜ਼ਦੂਰ ਤੇ ਹੋਰ ਲੋਕ  ਫੈਕਟਰੀ ਲਾਉਣ ਦੇ ਹੱਕ ‘ਚ ।

ਬਠਿੰਡਾ ਦਿਹਾਤੀ ,14 ਮਈ, ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਬੱਲੋ ਅਤੇ ਰੂੜੇਕੇ ਖੁਰਦ ਦੀ ਹੱਦ ’ਤੇ ਗ੍ਰੀਨ ਪ੍ਰੋਜੈਕਟ ਤਹਿਤ ਬਣਨ ਵਾਲੇ ਤਰਨਜੋਤ ਐਨੇਰਜੀ
ਸਲਿਊਸ਼ਨ ਪ੍ਰਾਈਵੇਟ ਲਿਮਿਟਡ ਦੇ ਬਾਹਰ ਪਿਛਲੇ ਲੰਬੇਂ ਸਮੇਂ ਤੋ ਧਰਨੇ ’ਤੇ ਬੈਠੀ ਭਾਕਿਯੂ ਸਿੱਧੂਪੁਰ ਨੇ ਪੰਜਾਬ ਪੱਧਰੀ ਰੈਲੀ ਕੀਤੀ ਜਦੋ ਕਿ ਦੂਜੇ ਪਾਸੇ ਫੈਕਟਰੀ ਮਾਲਿਕ ਦੇ ਹੱਕ ਵਿਚ ਵੀ ਪਿੰਡ ਵਾਸੀਆਂ ਸਮੇਤ ਮਜ਼ਦੂਰ ਤੇ ਹੋਰ ਸਮਾਜਿਕ ਸੰਸਥਾਵਾਂ ਸਾਹਮਣੇ ਆਈਆਂ ਵੱਡੀ ਗਿਣਤੀ ‘ਚ ਫੈਕਟਰੀ ਦੇ ਹੱਕ ਚ ਆਏ ਲੋਕਾਂ ਨੇ ਸਿੱਧੂਪੁਰ ਜੱਥੇਬੰਦੀ ਨੂੰ ਚੁਨੌਤੀ ਦਿੰਦਿਆਂ ਬਰਾਬਰ ਰੈਲੀ ਰੱਖ ਕੇ ਫੈਕਟਰੀ ਲੱਗਣ ਉਪਰੰਤ ਇਸ ਦੇ ਹੋਣ ਵਾਲੇ ਲਾਭ ਵੀ ਗਿਣਾਏ, ਪਹਿਲੀ ਵਾਰ ਇਲਾਕੇ ਅੰਦਰ ਕਿਸੇ ਕਿਸਾਨ ਜੱਥੇਬੰਦੀ ਦੇ ਖਿਲਾਫ ਪਿੰਡ ਵਾਸੀਆਂ ਨੇ ਜਾਂ ਹਲਕੇ ਦੇ ਕਿਸਾਨਾਂ ਨੇ ਹੀ ਬਰਾਬਰ ਰੈਲੀ ਕੀਤੀ ਹੈ। ਦੂਸਰੇ ਪਾਸੇ ਬੀਕੇਯੂ ਸਿੱਧੂਪੁਰ ਦੀ ਰੈਲੀ ਚ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਸਿੰਘ ਕੋਟੜਾ ਕੋੜਾ ਜਨਰਲ ਸਕੱਤਰ ਅਤੇ ਸੂਬੇ ਭਰ ਤੋ ਜੱਥੇਬੰਦੀ ਦੇ ਆਗੂ ਪੁੱਜੇ।
  ਰੈਲੀ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੱਥੇਬੰਦੀਆਂ ਨੇ ਹਮੇਸ਼ਾਂ ਉਨਾਂ ਕਾਰਪੋਰੋਟਾਂ ਦੇ ਖਿਲਾਫ ਝੰਡਾ ਬੁਲੰਦ ਕੀਤਾ ਜਿਨਾਂ ਨੇ ਕਿਸਾਨ ਦੀ ਜਮੀਨ ਦੱਬਣ ਜਾਂ ਖੋਹਣ ਦੀ ਕੋਸ਼ਿਸ ਕੀਤੀ ਜਦੋਕਿ ਕਾਰਪੋਰੋਟਾਂ ਦਾ ਹਮੇਸ਼ਾਂ ਇਹੋ ਰੋਲ ਰਿਹਾ ਹੈ ਕਿ ਉਹ ਆਪਣੀ ਅਮੀਰੀ ਦੇ ਨਾਲ ਜੱਥੇਬੰਦੀਆਂ ਦੇ ਖਿਲਾਫ ਕੁੱਝ ਧਿਰਾਂ ਨੂੰ ਖੜਾ ਕਰ ਦਿੱਤਾ ਜਾਂਦਾ ਹੈ। ਪਰ ਜੱਥੇਬੰਦੀਆਂ ਆਪਣੇ ਪੱਧਰ ’ਤੇ ਕੰਮ ਕਰਕੇ ਲੋਕਾਂ ਨੂੰ ਜਾਗਰੁਕ ਕਰਦੀਆ ਰਹਿੰਦੀਆ ਹਨ। ਉਨਾਂ ਫੈਕਟਰੀ ਖਿਲਾਫ ਬੋਲਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਅਤੇ ਹਵਾ ਦੂਸ਼ਿਤ ਕਰਨ ਵਿਚ ਇਨਾਂ ਦਾ ਵੱਡਾ ਰੋਲ ਹੈ ਭਾਵੇਂ ਇਹ ਸਬਜ਼ਬਾਗ ਤਾਂ ਕਿਸਾਨਾਂ ਨੂੰ ਜਮੀਨ ਲੈਣ ਵੇਲੇ ਬਹੁਤ ਵਿਖਾਉਦੇ ਹਨ ਪਰ ਬਾਅਦ ਵਿਚ ਪੰਜਾਬੀਆਂ ਦੀ ਥਾਂ ਪ੍ਰਵਾਸੀਆਂ ਨੂੰ ਹੀ ਨੌਕਰੀਆ ਦਿੱਤੀਆ ਜਾਂਦੀਆ ਹਨ, ਜਿਸ ਦੀਆ ਅਨੇਕਾਂ ਮਿਸਾਲਾਂ ਲਈਆ ਜਾ ਸਕਦੀਆ ਹਨ ਪਰ ਕਿਸਾਨਾਂ ਪੱਲੇ ਫੈਕਟਰੀਆਂ ਦੇ ਬਾਹਰ ਸਲੂਟ ਮਾਰਨ ਜਾਂ ਸਾਫ ਸਫਾਈ ਦਾ ਕੰਮ ਹਿੱਸੇ ਆਉਦਾ ਹੈ। ਡੱਲੇਵਾਲ ਨੇ ਇਹ ਵੀ ਕਿਹਾ ਕਿ ਸਰਕਾਰਾਂ ਇਨਾਂ ਕਾਰਪੋਰੇਟਾ ਦੇ ਹੱਥਾ ਵਿੱਚ ਖੇਡਦੀਆ। ਜਿਸ ਬਾਰੇ ਦਿੱਲੀ ਬਾਰਡਰਾਂ ਦੇ ਲੱਗੇ ਧਰਨਿਆਂ ਨੇ ਲੋਕਾਂ ਸਾਹਮਣੇ ਚਾਨਣ ਕਰ ਦਿੱਤਾ ਸੀ ਪਰ ਕਿਸਾਨ ਜੱਥੇਬੰਦੀਆਂ ਆਪਣਾ ਜਾਗਦੇ ਰਹੋ ਦਾ ਹੌਕਾ ਦਿੰਦਿਆਂ ਰਹਿਣਗੀਆ। ਡੱਲੇਵਾਲ ਨੇ ਫੈਕਟਰੀ ਸਬੰਧੀ ਇਹ ਵੀ ਕਿਹਾ ਕਿ ਕਥਿਤ ਤੌਰ ’ਤੇ ਜੱਥੇਬੰਦੀ ਨੂੰ ਬਦਨਾਮ ਕਰਨ ਲਈ ਲੱਖਾਂ ਰੁਪਏ ਮੰਗਣ ਦੀਆ ਵੀ ਅਫਵਾਹਾਂ ਫੈਲਾਈਆ ਗਈਆ, ਪਰ ਅਜੇ ਤੱਕ ਸਾਨੂੰ ਸਪੱਸਟ ਨਹੀ ਕੀਤਾ ਗਿਆ ਕਿ ਜੱਥੇਬੰਦੀ ਦੇ ਕਿਸ ਆਗੂ ਨੇ ਲੱਖਾਂ ਰੁਪਏ ਦੀ ਮੰਗ ਕੀਤੀ ਸੀ। ਉਨਾਂ ਧਰਨੇ ਸਬੰਧੀ ਸਪੱਸਟ ਕੀਤਾ ਕਿ ਦੋਵੇ ਪਿੰਡਾਂ ਦੇ ਲੋਕ ਜੇਕਰ ਰਾਜੀ ਨਾ ਹੋਏ ਤਦ ਫੈਕਟਰੀ ਨੂੰ ਕਿਸੇ ਵੀ ਹਾਲਤ ਵਿਚ ਲੱਗਣ ਲਹੀ ਦਿੱਤਾ ਜਾਵੇਗਾ ਕਿਉਕਿ ਸਭ ਤੋ ਪਹਿਲਾ ਇਨਾਂ ਪਿੰਡਾਂ
ਦੇ ਲੋਕਾਂ ਦੀ ਆਵਾਜ ਨੂੰ ਬੁਲੰਦ ਕਰਨਾ ਹੈ ਜਦੋਕਿ ਫੈਕਟਰੀ ਲੋਕਾਂ ਦੇ ਚੁੱਲੇ ਦੀ ਥਾਂ ਕਿਸੇ ਦੂਰ ਦੁਰੇਡੇ ਵੀ ਲਗਾਈ ਜਾ ਸਕਦੀ ਹੈ। ਉਧਰ ਦੂਜੇ ਪਾਸੇ ਫੈਕਟਰੀ ਦੇ ਮਾਲਿਕ ਗੁਰਮੀਤ ਸਿੰਘ ਬੱਲੋ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ, ਮਜਦੂਰ, ਕਿਸਾਨ ਅਤੇ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ, ਪੰਚ ਅਤੇ
ਲੋਕਲ ਸੰਸਥਾਵਾ ਦੇ ਨੁੰਮਾਇੰਦੇ ਡਟੇ ਹੋਏ ਸਨ। ਫੈਕਟਰੀ ਮਾਲਿਕ ਗੁਰਮੀਤ ਸਿੰਘ ਬੱਲੋ ਨੇ ਕਿਹਾ ਕਿ ਉਕਤ ਫੈਕਟਰੀ ਲਾਉਣਾ ਕੋਈ ਉਸ ਦਾ ਧਨ ਕਮਾਉਣ ਦਾ ਜੱਰੀਆ ਨਹੀ ਬਲਕਿ ਜਦ ਉਹ ਮਾੜੇ ਆਰਥਿਕ ਦੌਰ ਵਿਚ ਸੀ ਤਦ ਉਸ ਨੇ ਆਪਣੇ ਆਪ ਨਾਲ ਇਕ ਵਾਅਦਾ ਕੀਤਾ ਸੀ ਕਿ ਜੇਕਰ ਜਿੰਦਗੀ ਵਿਚ ਕਦੇ ਸਫਲਤਾ ਮਿਲੀ ਤਦ ਸਭ ਤੋ ਪਹਿਲਾ ਆਪਣੇ ਪਿੰਡ ਲਈ ਕੁੱਝ ਕਰਨ ਦਾ ਸੋਚਾਗਾ। ਜਿਸ ਲਈ ਇਹ ਉਕਤ ਪ੍ਰੋਜੈਕਟ ਮੇਰੇ ਪਿੰਡ ਜਾਂ ਗੁਆਢੀ ਪਿੰਡਾਂ ਦੇ ਨੌਜਵਾਨਾਂ ਨੂੰ ਸਮਰਪਿਤ ਹੈ, ਜਿੱਥੋ ਉਨਾਂ ਨੂੰ ਰੁਜਗਾਰ ਮਿਲੇਗਾ ਅਤੇ ਉਹ ਆਪਣੇ ਪੈਰਾਂ ਸਿਰ ਖੜੇ
ਹੋ ਸਕਣਗੇ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਸੂਬੇ ਅੰਦਰ ਅਨੇਕਾਂ ਕਿਸਾਨ ਯੂਨੀਅਨਾਂ ਹਨ, ਪਰ ਕੀ ਸਿੱਧੂਪੁਰ ਨੂੰ ਹੀ ਉਕਤ ਫੈਕਟਰੀ ਵਿਚ ਦੋਸ਼ ਨਜਰ ਆਏ। ਉਨਾਂ ਸਪੱਸਟ ਕੀਤਾ ਕਿ ਉਕਤ
ਫ਼਼ੈਕਟਰੀ ਜਰੂੁਰ ਲੱਗੇਗੀ, ਭਾਵੇਂ ਇਹ ਹੋ ਸਕਦਾ ਹੈ ਕਿ ਗੁਰਮੀਤ ਸਿੰਘ ਬੱਲੋ ਦੀ ਮਾਲਿਕੀ ਦੀ ਥਾਂ ਕਿਸੇ ਹੋਰ ਪਿੰਡ ਵਿਚ ਅਜਿਹੀਆ ਫੈਕਟਰੀਆਂ ਹੋਂਦ ਵਿਚ ਆਉਣ, ਫੇਰ ਅਜਿਹੇ ਲੋਕਾਂ ਕੋਲ ਪਛਤਾਵੇ ਤੋ ਸਿਵਾਏ ਕੁਝ ਨਹੀ ਰਹਿਣਾ ਜਦੋਕਿ ਕਿਸਾਨ ਜੱਥੇਬੰਦੀ ਦੇ ਪਾਣੀ, ਪ੍ਰਦੂਸ਼ਨ ਵਾਲੇ ਦੋਸ਼ ਪੂਰੀ ਤਰਾਂ ਬੇਬੁਨਿਆਦ ਹਨ। ਕਿਉਕਿ ਖੇਤ ਵਿਚ ਸਿੰਚਾਈ ਲਈ ਲੋੜੀਦੇ ਦੋ ਬੋਰ ਅਸੀ ਗੁਆਂਢੀਆਂ ਨੂੰ ਦੇ ਦਿੱਤੇ ਹਨ ।ਸਿਰਫ ਆਮ ਬੋਰ ਪੌਦਿਆਂ ਨੂੰ ਪਾਣੀ ਲਈ ਚਾਹੀਦਾ ਹੈ ਜਦਕਿ ਪ੍ਰਦੂਸ਼ਣ ਸਬੰਧੀ ਇਹ ਹੈ ਕਿ ਇਥੇ ਕੋਈ ਚੀਜ ਜਲਨਸ਼ੀਲ ਨਹੀ ਹੈ। ਜਿਸ ਕਾਰਨ ਪ੍ਰਦੂਸ਼ਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਅਤੇ ਉਕਤ ਫੈਕਟਰੀ ਵਰਗੀਆ ਹੋਰਨਾਂ ਫੈਕਟਰੀਆਂ ਭੀਖੀ ਸਣੇ ਕਈ ਹੋਰ ਕਸਬਿਆਂ ਵਿਚ ਰਿਹਾਇਸ਼ੀ ਏਰੀਆ ਵਿਚ ਲੱਗੀਆ ਹੋਈਆ ਹਨ, ਪਰ ਉਥੇ ਕਿਸੇ ਨੂੰ ਕੋਈ ਸ਼ਿਕਾਇਤ ਨਹੀ। ਫੈਕਟਰੀ ਮਾਲਿਕ ਬੱਲੋ ਨੇ ਇਹ ਵੀ ਕਿਹਾ ਕਿ 200 ਦੇ ਕਰੀਬ ਮਜਦੂਰਾਂ ਸਣੇ ਕਿਸਾਨਾਂ ਨੂੰ ਅਨੇਕਾਂ ਪ੍ਰਕਾਰ ਦੇ ਕੰਮ ਫੈਕਟਰੀ ਚੱਲਣ ਤੋ ਬਾਅਦ ਕੰਮ ਮਿਲਣ ਦੀ ਸੰਭਾਵਨਾ ਹੈ ਪਰ ਜੱਥੇਬੰਦੀ ਸ਼ਾਇਦ ਅਜਿਹੇ ਲੋਕਾਂ ਦੇ ਵਿਰੋਧ ਕਾਰਨ ਆਉਣ ਵਾਲੇ ਸਮੇਂ ਵਿਚ ਰੁਜਗਾਰ ਦੇ ਸੋਮੇ ਜਰੂਰ ਬੰਦ ਹੋ ਸਕਦੇ ਹਨ। ਉਧਰ ਫੈਕਟਰੀ ਮਾਲਿਕ ਬੱਲੋ ਨੇ ਪੰਜਾਬ ਅਤੇ ਗੁਜਰਾਤ ਵਿਚਲੇ ਉਦਯੋਗ ਸਬੰਧੀ ਫਰਕ ਬਾਰੇ ਵੀ ਚਾਣਨਾ ਪਾਉਦਿਆਂ ਕਿਹਾ ਕਿ ਗੁਜਰਾਤ ਅੱਜ ਭਾਰਤ ਭਰ ਵਿਚ ਉਦਯੋਗ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਹੈ, ਪਰ ਪੰਜਾਬ ਨੂੰ ਅਜਿਹੀਆ ਜੱਥੇਬੰਦੀਆਂ ਨੇ ਜਰੂਰ ਪਿਛੇ ਪਾ ਦਿੱਤਾ ਹੈ ਜਦਕਿ ਇਨਾਂ ਜੱਥੇਬੰਦੀਆਂ ਦਾ ਅਸਲ ਕੰਮ ਕਿਸਾਨਾਂ ਦੇ ਮਸਲੇ ਹੱਲ
ਕਰਵਾਉਣਾ ਹੈ। ਉਧਰ ਖਬਰ ਲਿਖੇ ਜਾਣ ਤੱਕ ਦੋਵੇ ਪਾਸੇ ਧਰਨੇ ਜਾਰੀ ਸਨ। ਦੋਵਾਂ ਧਿਰਾਂ ਵਿਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ ਇਸ ਨੂੰ ਰੋਕਣ ਲਈ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਥਾਣਾ ਫੂਲ ਦੇ ਇੰਚਾਰਜ ਬਲਵਿੰਦਰ ਸਿੰਘ ਢਿੱਲੋ ਅਤੇ ਸਿਟੀ ਰਾਮਪੁਰਾ ਫੂਲ ਦੇ ਇੰਚਾਰਜ ਮਨਜੀਤ ਸਿੰਘ ਤੋਂ ਇਲਾਵਾ ਸ਼ਦਰ ਥਾਣਾ ਰਾਮਪੁਰਾ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ।

5 Attachments