ਵਿਧਾਇਕ ਬਲਕਾਰ ਸਿੱਧੂ ਨੇ ਪਾਕਿਸਤਾਨ ਵਾਪਸ ਜਾਣ ਲਈ ਮਹੁੰਮਦ ਸਦੀਕ ਨੂੰ ਦਿੱਤੀ ਵਿੱਤੀ ਸਹਾਇਤਾ।

ਪੰਜਾਬ ਦੇ ਹੋਰ ਵਿਛੜੇ ਪਰੀਵਾਰਾ ਨੂੰ ਮਲਾਉਣ ਲਈ ਪੰਜਾਬ ਸਰਕਾਰ ਉਠਾਏਗੀ ਅਹਿਮ ਕਦਮ : ਵਿਧਾਇਕ ਬਲਕਾਰ ਸਿੱਧੂ

ਬਠਿੰਡਾ ਦਿਹਾਤੀ, 9 ਜੁਲਾਈ , ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਦੇ ਵਾਸੀ ਹਮੀਦ ਖਾਨ ਉਰਫ ਸੀਕਾ ਖਾਨ ਨੂੰ ਮਿਲਣ ਲਹਿੰਦੇ ਪੰਜਾਬ ਪਾਕਿਸਤਾਨ ਤੋ ਮੁਹੰਦਰ ਸਦੀਕ ਹਲਕੇ ਦੇ ਪਿੰਡ ਫੂਲੇਵਾਲਾ ਪਹੁੰਚਿਆ ਹੋਇਆਂ ਸੀ ਜਿਸ ਨੂੰ ਲੈਕੇ ਕਾਫੀ ਚਰਚਾ ਛਿੜੀ ਹੋਈ ਸੀ। ਇੰਨਾ ਆਜ਼ਾਦੀ ਵੇਲੇ ਦੇ ਵਿਛੜੇ ਹੋਏ ਦੋਵੇਂ ਭਰਾਵਾਂ ਦੀ ਮਿਲਣੀ ਤੋਂ ਬਾਅਦ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਸੀਕਾ ਖਾਂ ਦੇ ਘਰ ਪਹੁੰਚੇ ਸਨ ਅਤੇ ਦੋਵੇਂ ਭਰਾਵਾਂ ਨੂੰ ਸਨਮਾਨ ਦਿੰਦਿਆਂ ਸਨਮਾਨਿਤ ਕੀਤਾ ਇਸ ਮੌਕੇ ਪਾਕਿਸਤਾਨ ਤੋਂ ਆਏ ਮੁਹੰਮਦ ਸਦੀਕ ਨੂੰ ਦਰਗਾਹ ਲਈ ਚਾਦਰ ਭੇਂਟ ਕੀਤੀ।
ਤਕਰੀਬਨ ਦੋ ਮਹੀਨੇ ਪੰਜਾਬ ਵਿੱਚ ਬਿਤਾਉਣ ਤੋਂ ਬਾਅਦ ਬੀਤੇ ਕੁੱਝ ਦਿਨ ਪਹਿਲਾਂ ਮੁਹੰਮਦ ਸਦੀਕ ਆਪਣੇ ਵਤਨ ਪਾਕਿਸਤਾਨ ਵਾਪਸ ਪਹੁੰਚ ਗਿਆ ਤੇ ਆਪਣੇ ਨਾਲ ਪੁਰਾਣੀਆਂ ਯਾਦਾਂ ਲੈ ਗਿਆਂ। ਮੁਹੰਮਦ ਸਦੀਕ ਨੂੰ ਪਿੰਡ ਫੂਲੇਵਾਲਾ ਦੇ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਵਿਦਾਇਗੀ ਦਿੱਤੀ ਤੇ ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਉਸ ਦੇ ਪਾਕਿਸਤਾਨ ਪਹੁੰਚਣ ਲਈ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਦੋਵੇਂ ਭਰਾਵਾਂ ਦੇ ਗੂੜ੍ਹੇ ਪਿਆਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਜਿਹੜੇ ਐਨੇ ਸਾਲਾਂ ਤੋਂ ਵਿਛੜੇ ਹੋਏ ਹਨ ਪਰ ਫੇਰ ਵੀ ਪਿਆਰ ਬਰਕਰਾਰ ਹੈ।
ਅਸੀਂ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਭਰਾਵਾਂ ਨਾਲ ਮਨਮੁਟਾਵ ਕਰ ਲੈਂਦੇ ਹਾਂ, ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਵਿਛੜੇ ਹੋਏ ਪੰਜਾਬੀਆਂ ਨੂੰ ਮਿਲਾਉਣ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰੇਗੀ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਕੇ ਦੋਵਾਂ ਦੇਸ਼ਾ ਦੇ ਵਿਛੜੇ ਪ੍ਰੀਵਾਰਾਂ ਨੂੰ ਮਿਲਾਉਣ ਦੇ ਯਤਨ ਕਰਨਗੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸੁਖਚੈਨ ਸਿੰਘ ਚੈਨਾ ਫੂਲੇਵਾਲਾ, ਯੋਧਾ ਮਹਿਰਾਜ ਆਦਿ ਹਾਜ਼ਰ ਸਨ। ਇਸ ਮੌਕੇ ਮੁਹੰਮਦ ਸਦੀਕ ਨੇ ਆਜ਼ਾਦੀ ਸਮੇ ਵਿਛੋੜੇ ਦਾ ਦਰਦ ਬਿਆਂਨ ਕਰਦਿਆਂ ਦੱਸਿਆ ਕਿ 1947 ਵਿੱਚ ਉਸਦੀ ਉਮਰ ਕਰੀਬ ਦਸ ਸਾਲ ਸੀ ਤੇ ਉਹ ਆਪਣੇ ਪਰਿਵਾਰ ਮਾਂ ਬਾਪ ਤੇ ਭੈਣ ਨਾਲ ਜਗਰਾਓ ਸ਼ਹਿਰ ਦੇ ਬਾਹਰ ਰਹਿੰਦਾ ਸੀ ਅਜ਼ਾਦੀ ਦੀ ਲੜਾਈ ਸਮੇ ਉਸਦੀ ਮਾਂ ਬੱਚੇ ਨੂੰ ਜਨਮ ਦੇਣ ਲਈ ਨਾਨਕੇ ਪਿੰਡ ਫੂਲੇਵਾਲਾ ਗਈ ਹੋਈ ਸੀ ਤੇ ਜਦ ਉਸਦੇ ਨਵੇ ਜੰਮੇ ਭਰਾ ਛਿੱਕਾ ਖਾਨ ਦੀ ਉਮਰ ਕਰੀਬ ਛੇ ਸਾਲ ਸੀ ਤਾਂ ਅਚਾਨਕ ਬਟਵਾਰੇ ਦਾ ਰੋਲਾ ਪੈ ਗਿਆ ਤੇ ਉਹਨਾਂ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਹੋਣਾ ਪਿਆ ਤੇ ਇਸ ਦੌਰਾਨ ਉਹਨਾਂ ਦੀ ਪਿਤਾ ਦੀ ਮੌਤ ਹੋ ਗਈ ਸੀ ਤੇ ਉਹ ਆਪਣੀ ਭੈਣ ਨੂੰ ਲੈ ਕੇ ਡਰ ਦੇ ਮਾਹੋਲ ਵਿੱਚ ਰਹਿ ਰਹੇ ਸਨ ਤਾਂ ਉਹਨਾਂ ਦੀ ਮਾਸੀ ਦੇ ਮੁੰਡੇ ਨੇ ਉਹਨਾਂ ਨੂੰ ਹੋਸਲਾ ਦਿੱਤਾ ਤੇ ਪਾਕਿਸਤਾਨ ਲਈ ਰਵਾਨਾ ਹੋ ਗਏ . ਮਿਲਟਰੀ ਦੀ ਦੇਖ ਰੇਖ ਵਿੱਚ ਉਹਨਾਂ ਕਈ ਰਾਤਾ ਤੁਰਕੇ ਸਫਰ ਕੀਤਾ ਤੇ ਰਾਤ ਸਮੇ ਛੋਲਿਆਂ ਦੇ ਭੁਜੇ ਦਾਣੇ ਖਾਹ ਪੀਕੇ ਗੁਜ਼ਾਰਾ ਕੀਤਾ ਤੇ ਪਾਕਿਸਤਾਨ ਪਹੁੰਚਕੇ ਕੈਪ ਵਿੱਚ ਰਹਿੰਦਿਆਂ ਉਹਨਾਂ ਦੀ ਭੈਣ ਦੀ ਤਬੀਅਤ ਵਿਗੜ ਗਈ ਤੇ ਉਸਦੀ ਵੀ ਮੌਤ ਹੋ ਗਈ ਤੇ ਉਹ ਇਕੱਲੇ ਰਹਿ ਗਏ ਤੇ ਫਿਰ ਹੋਲੀ ਹੋਲੀ ਉਹਨਾਂ ਨੂੰ ਪਾਕਿਸਤਾਨ ਵਿੱਚ ਹੋਰ ਰਿਸਤੇਦਾਰ ਵੀ ਮਿਲਨ ਲੱਗੇ ਤੇ ਉਹਨਾਂ ਪਹਿਲਾ ਦਸ ਰੁਪਏ ਮਹੀਨੇ ਤੇ ਮਜਦੂਰੀ ਕੀਤੀ ਤੇ ਫਿਰ ਸਰਕਾਰ ਨੇ ਵੀਹ ਸਾਲ ਬਾਅਦ ਉਹਨਾਂ ਨੰੁ ਗੁ਼ਜਾ਼ਰੇ ਲਈ 4 ਏਕੜ ਜ਼ਮੀਨ ਦਿੱਤੀ ਜਿਸਤੇ ਉਹ ਹੁਣ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਹੁਣ ਉਹਨਾਂ ਦਾ ਪਾਕਿਸਤਾਨ ਵਿੱਚ ਹੱਸਦਾ ਖੇਡਦਾ ਪਰਿਵਾਰ ਹੈ ਜਿਸ ਵਿੱਚ ਚਾਰ ਪੁੱਤ ਤੇ ਦੋ ਧੀਆਂ ਹਨ ਜ਼ੋ ਕਿ ਸਾਰੇ ਵਿਆਹੇ ਹੋਏ ਹਨ।ਉਹਨਾਂ ਦੋਵੇ ਦੇਸ਼ਾਂ ਦੀਆਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਹੋਰ ਵੀ ਬਹੁਤ ਪਰਿਵਾਰ ਹਨ ਜ਼ੋ ਬਟਵਾਰੇ ਦਾ ਦਰਦ ਝੱਲ ਰਹੇ ਹਨ ਤੇ ਸਰਕਾਰ ਨੂੰ ਉਹਨਾਂ ਨੂੰ ਆਪਣਿਆਂ ਨਾਲ ਮਿਲਾਉਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤੇ ਸਾਡੇ ਦੋਵਾਂ ਭਰਾਵਾਂ ਲਈ ਬੀਜੇ ਦਾ ਸਿਸਟਮ ਸੁਖਾਲਾ ਕਰਨਾ ਚਾਹੀਦਾ ਹੈ ਤਾਂ ਜ਼ੋ ਜਦ ਚਾਹੀਏ ਅਸੀ ਇੱਕ ਦੂਜੇ ਨੂੰ ਮਿਲ ਸਕੀਏ ।