ਪੁਲਿਸ ਪ੍ਰਸ਼ਾਸਨ, ਸਿਆਸੀ ਸਰਪ੍ਰਸਤੀ ਤੇ ਕੁੱਝ ਚੌਥੇ ਥੰਮ ਦੀ ਸ਼ਮੂਲੀਅਤ ਤੇ ਮਿਲੀਭੁਗਤ ਦੇ ਵੀ ਚਰਚੇ ਹੋ ਰਹੇ ਹਨ।
ਰਾਮਪੁਰਾ ਫੂਲ 27 ਨਵੰਬਰ (ਦਲਜੀਤ ਸਿੰਘ ਸਿਧਾਣਾ):
ਸਥਾਨਕ ਸ਼ਹਿਰ ਵਿਖੇ ਦੜ੍ਹੇ ਸੱਟੇ ਦਾ ਗੈਰ ਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਇਸ ਚੱਲ ਰਹੇ ਧੰਦੇ ਵਿੱਚ ਪੁਲੀਸ ਪ੍ਰਸ਼ਾਸਨ, ਸਿਆਸੀ ਸਰਪ੍ਰਸਤੀ ਤੇ ਕੁੱਝ ਚੌਥੇ ਥੰਮ ਨਾਲ ਜੁੜੇ ਵਿਅਕਤੀਆਂ ਦੀ ਸ਼ਮੂਲੀਅਤ ਤੇ ਮਿਲੀਭੁਗਤ ਦੇ ਚਰਚੇ ਸੋਸ਼ਲ ਮੀਡੀਆ ਤੇ ਹੋ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਰਾਮਪੁਰਾ ਸ਼ਹਿਰ ਦੜ੍ਹੇ ਸੱਟੇ- ਜੂਏ ਦਾ ਅੱਡਾ ਬਣ ਕਿ ਰਹਿ ਗਿਆ ਹੈ। ਪੁਲਿਸ ਪ੍ਰਸ਼ਾਸਨ ਦੀ ਢਿੱਲ ਕਰਕੇ ਹੀ ਦੜ੍ਹੇ ਸੱਟੇ ਦਾ ਧੰਦਾ ਕਰਨ ਵਾਲੇ ਬਿਨਾਂ ਕਿਸੇ ਖ਼ੌਫ਼ ਤੋਂ ਧੱੜਲੇ ਨਾਲ ਦੁਕਾਨਾਂ ਅਤੇ ਘਰਾਂ ਵਿੱਚ ਸੱਟੇ-ਜੂਏ ਦਾ ਕੰਮ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਰੋਜ਼ਾਨਾ ਲੱਖਾਂ ਰੁਪਏ ਦਾ ਦੜਾ ਸੱਟਾ ਲੱਗ ਰਿਹਾ ਹੈ। ਸੱਟਾ ਲਗਾਉਣ ਦੇ ਸ਼ੌਕੀਨ ਲੋਕਾਂ ਦੇ ਘਰਾਂ ਦੇ ਭਾਡੇ ਤੱਕ ਵਿਕ ਚੁੱਕੇ ਹਨ ਅਤੇ ਇਸ ਧੰਦੇ ਨਾਲ ਜੁੜੀਆਂ ਕਈ ਗੱਲਾਂ ਵੀ ਉਜਾਗਰ ਹੋਈਆ ਹਨ। ਪਰ ਪ੍ਰਸ਼ਾਸਨ ਇਸ ਕਾਲੇ ਕਾਰੋਬਾਰ ਨੂੰ ਲਗਾਮ ਲਗਾਉਣ ਵਿਚ ਬੇਵੱਸ ਨਜਰ ਆ ਰਿਹਾ ਹੈ। ਜਿਸ ਕਾਰਨ ਇਹ ਧੰਦਾ ਦਿਨ ਦੁੱਗਣੀ ਰਾਤ ਚੌਗੁਣੀ ਰਫ਼ਤਾਰ ਨਾਲ ਵਧ ਫੁੱਲ ਰਿਹਾ ਹੈ। ਇਨ੍ਹਾਂ ਹੋਣ ਦੇ ਬਾਵਜੂਦ ਦੜ੍ਹੇ ਸੱਟੇ ਵਾਲਿਆਂ ਖ਼ਿਲਾਫ਼ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਹਿਰ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਦੜੇ ਸੱਟੇ ਦਾ ਧੰਦਾ ਚਲਾਉਣ ਵਾਲੇ ਲੋਕਾਂ ਤੇ ਨੱਥ ਪਾਈ ਜਾਵੇ ਤਾਂ ਜੋ ਆਮ ਲੋਕ ਇੰਨਾ ਦੇ ਝਾਂਸੇ ਚ ਆ ਕੇ ਆਪਣੀ ਲੁੱਟ ਨਾ ਕਰਵਾ ਸਕਣ।