ਲੁੱਟ ਦਾ ਸ਼ਿਕਾਰ ਹੋਏ ਵਪਾਰੀ ਪ੍ਰਸ਼ੋਤਮ ਲਾਲ ਨਾਲ ਕੀਤੀ ਮੁਲਾਕਾਤ 

ਰਾਮਪੁਰਾ ਫੂਲ, 29 ਨਵੰਬਰ (ਦਲਜੀਤ ਸਿੰਘ ਸਿਧਾਣਾ):-

ਬੀਤੇ ਦਿਨੀਂ ਰਾਮਪੁਰਾ ਫੂਲ ਸ਼ਹਿਰ ਦੇ ਇਕ ਆੜ੍ਹਤ ਦਾ ਕੰਮ ਕਰਨ ਵਾਲੇ ਵਪਾਰੀ ਤੇ ਕੁਝ ਲੁਟੇਰਿਆਂ ਵੱਲੋਂ ਉਸ ਦੇ ਰੋਇਲ ਅਸਟੇਟ ਵਿਚ ਸਥਿੱਤ ਘਰ ‘ਚ ਵੜ ਕੇ ਹਮਲਾ ਕੀਤਾ ਗਿਆ ਸੀ ਜਿਸ ਵਿਚ ਜਿਥੇ ਉਕਤ ਵਪਾਰੀ ਗੰਭੀਰ ਜਖਮੀ ਹੋ ਗਿਆ ਸੀ ਤੇ ਉਸ ਦੇ ਸਿਰ ਤੇ ਵੀ ਸੱਟ ਲੱਗੀ ਸੀ ਉਥੇ ਉਸ ਦੀ ਚਿੱਟੇ ਰੰਗ ਦੀ ਕਰੇਟਾ ਕਾਰ ਲੁਟੇਰੇ ਲੈ ਕੇ ਫ਼ਰਾਰ ਹੋ ਗਏ ਸਨ। ਅੱਜ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਖੁਦ ਉਕਤ ਵਪਾਰੀ ਪ੍ਰਸ਼ੋਤਮ ਮੰਡੀ ਵਾਲਾ ਦੇ ਘਰ ਹਾਲ ਚਾਲ ਜਾਣਨ ਲਈ ਪਹੁੰਚੇ। ਇਸ ਦੌਰਾਨ ਵਿਧਾਇਕ ਸਿੱਧੂ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਦੋਸ਼ੀ ਜਲਦੀ ਹੀ ਪੁਲਿਸ ਦੀ ਪਕੜ ਵਿਚ ਹੋਣਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਪੁਲੀਸ ਨੂੰ ਸ਼ਹਿਰ ਦੇ ਚੱਪੇ ਚੱਪੇ ਤੇ ਨਿਗਾਹ ਰੱਖਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਵੇਗਾ ਜਾਂ ਕਿਸੇ ਵੀ ਅਧਿਕਾਰੀ ਦੇ ਗੈਰ ਜ਼ਿੰਮੇਵਾਰ ਰਵੱਈਏ ਕਾਰਨ ਹਲਕਾ ਵਾਸੀਆਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿਚ ਸ਼ੱਕੀ ਵਿਅਕਤੀ ਜਾਂ ਗਲਤ ਅਨਸਰ ਵਿਖਾਈ ਦਿੰਦੇ ਹਨ ਤਾਂ ਤੁਰੰਤ ਪੁਲਸ ਨੂੰ ਰਿਪੋਰਟ ਕਰਨ ਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਵਪਾਰੀ ਪ੍ਰਸ਼ੋਤਮ ਮੰਡੀ ਵਾਲਾ ਦੀ ਲੁੱਟ ਸਮੇਂ ਘਰ ਵਿਚ ਇਕੱਲੇ ਹੋਣ ਦੀ ਜਾਣਕਾਰੀ ਸਿਰਫ ਉਸ ਦੇ ਡਰਾਈਵਰ ਨੂੰ ਸੀ ਅਤੇ ਡਰਾਈਵਰ ਦਾ ਫੋਨ ਬੰਦ ਆ ਰਿਹਾ ਹੈ। ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਅਨੁਸਾਰ ਬਹੁਤ ਜਲਦੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਦੇ ਨਾਲ ਰਵੀ ਸਿੰਗਲਾ (ਕਾਲਾ ਭੁੱਚੋ), ਆਰ.ਐਸ. ਜੇਠੀ,ਲੇਖ ਰਾਜ,ਅਮਰ ਨਾਥ ,ਨਰੇਸ਼ ਕੁਮਾਰ ਬਿੱਟੂ ,ਰੋਬੀ ਬਰਾੜ ਸਤਵਿੰਦਰ ਸਿੰਘ ਪੰਮਾ ਪ੍ਰਧਾਨ ਟਰੱਕ ਯੂਨੀਅਨ, ਸੁਖਚੈਨ ਸਿੰਘ ਚੈਨਾ ਫੂਲੇਵਾਲਾ,ਦਰਸਨ ਸੋਹੀ,ਸ਼ੇਰ ਬਹਾਦਰ ਆਦਿ ਹਾਜ਼ਰ ਸਨ।