ਖੁੱਲ੍ਹੇ ਅਸਮਾਨ ਹੇਠ ਪਈ ਕਣਕ, ਮੀਂਹ ਨਾਲ ਹੋ ਰਹੀ ਹੈ ਖਰਾਬ।
ਪੰਚਾਇਤ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ,
ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕੁੱਝ ਦਿਨ ਪਹਿਲਾਂ ਵੀ ਕਿਸਾਨ ਯੂਨੀਅਨ ਨੇ ਕੀਤੀ ਸੀ ਨੈਸ਼ਨਲ ਹਾਈਵੇ ਜਾਮ
ਬਠਿੰਡਾ ਦਿਹਾਤੀ, 4 ਮਈ, ਦਲਜੀਤ ਸਿੰਘ ਸਿਧਾਣਾ/ ਮਨਮੋਹਨ ਗਰਗ
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਸਬਾ ਲਹਿਰਾ ਮੁਹੱਬਤ ਦੀ ਦਾਣਾ ਮੰਡੀ ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਤਕਰੀਬਨ 50 ਹਜ਼ਾਰ ਕਣਕ ਦੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆ , ਬੇਮੌਸਮੀ ਬਰਸਾਤ ਕਾਰਨ ਭਿੱਜ ਕੇ ਖਰਾਬ ਹੋਣ ਦੀ ਕੰਗਾਰ ਤੇ ਹਨ।
ਭਾਵੇਂ ਕਣਕ ਦੀ ਕਟਾਈ ਖ਼ਤਮ ਹੋ ਗਈ ਪ੍ਰੰਤੂ ਕਣਕ ਦੀ ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਲਹਿਰਾ ਮੁਹੱਬਤ ਦੀ ਦਾਣਾ ਮੰਡੀ ਨੱਕੋ ਨੱਕ ਭਰੀ ਹੋਈ ਹੈ।ਜਦੋ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ੍ਸਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਕਣਕ ਦੀ ਲਿਫਟਿੰਗ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ ਉਸ ਤੋਂ ਬਾਅਦ ਵੀ ਮਸਲਾ ਹੱਲ ਨਾ ਹੋਣ ਤੇ ਕਿਸਾਨ ਯੂਨੀਅਨ ਤੇ ਕਿਸਾਨਾਂ ਨੇ 20 ਅਪ੍ਰੈਲ ਨੂੰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਧਰਨਾ ਲਾਕੇ ਜਾਮ ਕੀਤਾ ਗਿਆ ਸੀ। ਪ੍ਰੰਤੂ ਪੰਦਰਾਂ ਦਿਨ ਬੀਤ ਜਾਣ ਬਾਅਦ ਵੀ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਸਲਾ ਜਿਉ ਦਾ ਤਿਉਂ ਖੜ੍ਹਾ ਹੈ। ਭਾਵੇ ਇਸ ਮਾਮਲੇ ਵੱਲ ਧਿਆਨ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਨਥਾਣਾ ਹਲਕੇ ਦੇ ਪਟਵਾਰੀ ਨੂੰ ਦਾਣਾ ਮੰਡੀ ਦਾ ਦੌਰਾ ਕਰਨ ਲਈ ਕਿਹਾ ਗਿਆ ਪਟਵਾਰੀ ਦੇ ਦਾਣਾ ਮੰਡੀ ਵਿੱਚ ਆਉਣ ਤੋਂ ਬਾਅਦ ਵੀ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਕਛੂਆ ਦੀ ਚਾਲ ਲਿੰਫਟਿੰਗ ਹੋ ਰਹੀ ਹੈ।ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਤੇ ਦਾਣਾ ਮੰਡੀਆ ਚ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਨੇ ਦੱਸਿਆ ਤਿੰਨ ਦਿਨ ਪਹਿਲਾਂ ਛੇ ਟਰੱਕ ਭੇਜੇ ਗਏ ਸਨ, ਬੀਤੇ ਦਿਨ ਸਿਰਫ਼ ਇੱਕ ਟਰੱਕ ਆਇਆ ਤੇ ਇਸੇ ਤਰ੍ਹਾਂ ਖ਼ਬਰ ਲਿਖੇ ਜਾਣ ਤੱਕ ਅੱਜ ਸਿਰਫ ਚਾਰ ਟਰੱਕ ਹੀ ਕਣਕ ਦੀ ਲਿਫਟਿੰਗ ਲਈ ਆਏ ਜਦੋਂ ਕਿ ਇਥੇ ਰੋਜ਼ਾਨਾ ਦਰਜਨ ਤੋਂ ਵੱਧ ਟਰੱਕਾਂ ਦੀ ਮੰਗ ਹੈ। ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵੱਲ ਧਿਆਨ ਨਹੀਂ ਦੇ ਰਿਹਾ। ਇਸ ਮੌਕੇ ਕਿਸਾਨਾਂ ‘ਤੇ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਥੇ ਲੋੜੀਂਦੀ ਗਿਣਤੀ ਚ ਟਰੱਕ ਭੇਜ ਕੇ ,ਖੁਲੇ ਅਸਮਾਨ ਥੱਲੇ ਪਏ ਅਨਾਜ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।