ਬਲਵੀਰ ਸਿੱਧੂ ਦੀ ਕੈਬਨਿਟ ‘ਚੋਂ ਛੁੱਟੀ ਬਾਅਦ ਜੀਤੀ ਸਿੱਧੂ ਨੂੰ ਮੇਅਰਸ਼ਿਪ ਤੋਂ ਲਾਹੁਣ ਦੀਆ ਤਿਆਰੀਆ…. ?

October 02, 2021

 

 

ਕਾਰਪੋਰੇਸ਼ਨ ਦੇ ਅਹਿਮ ਅਧਿਕਾਰੀ ਵੀ ਨਿਸ਼ਾਨੇ ‘ਤੇ

ਮੋਹਾਲੀ, 2 ਅਕਤੂਬਰ, sidhantodaynews

ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ’ਚੋਂ ਛੁੱਟੀ ਹੋਣ ਨਾਲ ਹੁਣ ਅਮਰਜੀਤ ਸਿੰਘ ਜੀਤ ਸਿੱਧੂ ਨੂੰ ਮੋਹਾਲੀ ਕਾਰਪੋਰੇਸ਼ਨ ਦੀ ਮੇਅਰਸ਼ਿਪ ਤੋਂ ਲਾਹੁਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
37 ਮੈਂਬਰਾਂ ਦੀ ਭਾਰੀ ਜਿੱਤ ਨਾਲ ਮੇਅਰ ਬਣੇ ਜੀਤੀ ਸਿੱਧੂ ਨੂੰ ਮੇਅਰਸ਼ਿਪ ਤੋਂ ਲਾਹੁਣਾ ਭਾਵੇਂ ਅਸੰਭਵ ਲੱਗਦਾ ਹੈ, ਪਰ ਇਹ ਮਸਲਾ ਪੰਜਾਬ ਵਿਧਾਨ ਸਭਾ ’ਚੋਂ ਕੈਪਟਨ ਅਮਰਿੰਦਰ ਸਿੰਘ ਨੂ ਲਾਹੁਣ ਤੋਂ ਵੱਡਾ ਵੀ ਨਹੀਂ। ਕੈਪਟਨ ਨੂੰ ਲਾਹੁਣ ਵਾਲਿਆਂ ’ਚ ਕੋਈ ਬਾਹਰਲਾ ਨਹੀਂ ਸੀ।ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸੰਕੇਤਾਂ ਨਾਲ ਇਹ ਅਟਕਲਾਂ ਹੋਰ ਵੀ ਤੇਜ਼ ਹੋ ਗਈਆਂ ਹਨ ਕਿ ਬਲਵੀਰ ਸਿੰਘ ਸਿੱਧੂ ਕੈਪਟਨ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਵਿੱਚ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਮੋਹਾਲੀ ਦੇ ਕਾਂਗਰਸੀ ਆਪਣੇ ਵਿੱਚੋਂ ਹੀ ਕੋਈ ਬੰਦਾ ਚੁਣਨਗੇ। ਕਾਰਪੋਰੇਸ਼ਨ ਵਿੱਚ ਪਹਿਲਾਂ ਤੋਂ ਹੀ ਨਰਾਜ਼ ਚੱਲ ਰਹੇ ਕਾਂਗਰਸੀ ਹੁਣ ਸਰਗਰਮ ਹੋ ਗਏ ਹਨ।
ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਬਲਵੀਰ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਜਾਂਦੇ ਤਾਂ ਵੀ ਹੁਣ ਉਹ ਪਾਰਟੀ ’ਚ ਬਹੁਤ ਕਮਜ਼ੋਰ ਪੈ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀਆਂ ਦੂਰੀਆਂ ਜੱਗ ਜਾਹਰ ਹਨ। ਚੰਨੀ ਵੀ ਚਾਹੁਣਗੇ ਕਿ ਉਨ੍ਹਾਂ ਦੇ ਡਟਵੇਂ ਵਿਰੋਧੀ ਰਹੇ ਵਿਅਕਤੀਆਂ ਨੂੰ ਪਿੱਛੇ ਕਰਨ। ਇਸ ਕੰਮ ਲਈ ਉਨ੍ਹਾਂ ਦਾ ਪਹਿਲਾ ਕਾਰਜ ਮੋਹਾਲੀ ਕਾਰਪੋਰੇਸ਼ਨ ’ਚੋਂ ਬਲਵੀਰ ਸਿੱਧੂ ਦੇ ਭਰਾ ਨੂੰ ਲਾਹ ਕੇ ਕੋਈ ਆਪਣਾ ਬੰਦਾ ਬਣਾਉਣਾ ਹੋਵੇਗਾ। ਇਸ ਕੰਮ ’ਚ ਆਜ਼ਾਦ ਗਰੁੱਪ ਦੀ ਭੂਮਿਕਾ ਅਹਿਮ ਬਣ ਗਈ ਹੈ। ਪਿਛਲੇ ਸਮੇਂ ਤੋਂ ਆਜ਼ਾਦ ਗਰੁੱਪ ਦੇ ਕੌਂਸਲਰਾਂ ਨਾਲ ਮੇਅਰ ਦਾ ਰਵੱਈਆ ਵੀ ਪੱਖਪਾਤੀ ਰਿਹਾ ਹੈ ਇਸ ਕਾਰਨ ਬਣ ਰਹੀ ਸਥਿਤੀ ਵਿੱਚ ਉਹ ਵੀ ਉਸਦੇ ਉਲਟ ਭੁਗਤ ਸਕਦੇ ਹਨ।ਅਜਿਹੀ ਸਥਿਤੀ ਬਣਾਉਣ ਲਈ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਦੀਆਂ ਕਨਸੋਆ ਵੀ ਮਿਲ ਰਹੀਆਂ ਹਨ। ਕਾਰਪੋਰੇਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਅਹਿਮ ਅਧਿਕਾਰੀਆਂ ਨੇ ਤਾਂ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਹੋਣ ਨਾਲੋਂ ਸਿੱਧੂ ਪਰਿਵਾਰ ਦਾ ਮੁਲਾਜ਼ਮ ਹੋਣ ਵਾਂਗ ਢਾਲਿਆ ਹੋਇਆ ਹੈ ਜੋ ਸਭ ਤੋਂ ਪਹਿਲਾਂ ਨਿਸ਼ਾਨੇ ਉਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਦਲੀਆਂ ਤੋਂ ਬਾਅਦ ਜੀਤੀ ਸਿੱਧੂ ਨੂੰ ਬਦਲਣ ਦੀ ਕਵਾਇਦ ਸ਼ੁਰੂ ਹੋ ਸਕਦੀ।